ਰਾਜਨ ਮਾਨ
ਰਮਦਾਸ, 12 ਫਰਵਰੀ
ਪੰਜਾਬ ਨੂੰ ਰਵਾਇਤੀ ਪਾਰਟੀਆਂ ਦੇ ਚੁੰਗਲ ’ਚੋਂ ਕੱਢ ਕੇ ਖੁਸ਼ਹਾਲ ਬਣਾਉਣ ਦੇ ਮਨੋਰਥ ਲਈ ਅਮਰੀਕਾ ਤੋਂ ਆਈ ਅਮਨ ਧਾਲੀਵਾਲ, ਘਰ ਘਰ ਦਾ ਕੁੰਡਾ ਖੜਕਾ ਰਹੀ ਹੈ। ਆਮ ਆਦਮੀ ਪਾਰਟੀ ਦੇ ਹਲਕਾ ਅਜਨਾਲਾ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਨੂੰਹ ਅਮਨ ਆਪਣੇ ਸਹੁਰੇ ਦੇ ਹੱਕ ਵਿੱਚ ਪ੍ਰਚਾਰ ਲਈ ਅਮਰੀਕਾ ਤੋਂ ਆਈ ਹੈ। ਉਹ ਸਿਰਫ ਸਹੁਰੇ ਲਈ ਹੀ ਵੋਟਾਂ ਨਹੀਂ ਮੰਗ ਰਹੀ ਸਗੋਂ ਲੋਕਾਂ ਨੂੰ ਪੰਜਾਬ ਦੀ ਖੁਸ਼ਹਾਲੀ ਲਈ ਲਾਮਬੰਦ ਕਰ ਰਹੀ ਹੈ। ਉਸ ਵਲੋਂ ਔਰਤਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੀ ਸ਼ਕਤੀ ਨੂੰ ਪਛਾਨਣ ਅਤੇ ਪਿਛਲੇ ਸੱਤ ਦਹਾਕਿਆਂ ਤੋਂ ਪੰਜਾਬ ਦੀ ਖੁਸ਼ਹਾਲੀ ਨੂੰ ਘੁੰਣ ਵਾਂਗ ਖਾ ਰਹੇ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਜੜ ਤੋਂ ਪੁੱਟ ਸੁੱਟਣ ਤਾਂ ਜੋ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਮੁੜ ਬਹਾਲ ਹੋ ਸਕੇ। ਉਸ ਨੇ ਕਿਹਾ ਕਿ ਉਹ ਅਮਰੀਕਾ ਤੋਂ ਸਿਰਫ ਲੋਕਾਂ ਨੂੰ ਜਾਗਰੂਕ ਕਰਨ ਲਈ ਆਈ ਹੈ। ਇਹ ਚੋਣਾਂ, 70 ਸਾਲਾਂ ਤੋਂ ਪੰਜਾਬ ਨੂੰ ਬਰਬਾਦ ਕਰ ਰਹੀਆਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਪੰਜਾਬ ਨੂੰ ਬਚਾਉਣ ਦਾ ਸੁਨਹਿਰੀ ਮੌਕਾ ਹੈ। ਉਸਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਪੰਜਾਬ ਵਿੱਚ ਦੁੱਧ ਦੀ ਥਾਂ ਨਸ਼ੇ ਦੀਆਂ ਨਦੀਆਂ ਵਹਾਈਆਂ ਹਨ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਡੁੱਬਣ ਜਾਂ ਵਿਦੇਸ਼ ਜਾਣ ਲਈ ਮਜਬੂਰ ਕੀਤਾ ਹੈ, ਨੂੰ ਚੱਲਦਾ ਕਰਨ ਤੇ ਪੰਜਾਬ ਨੂੰ ਮੁੜ ਖੁਸ਼ਹਾਲ ਅਤੇ ਹੱਸਦਾ ਪੰਜਾਬ ਬਣਾਉਣ ਦਾ ਸੰਕਲਪ ਲੈਣ।