ਗੁਰਬਖ਼ਸ਼ਪੁਰੀ
ਤਰਨ ਤਾਰਨ, 22 ਫਰਵਰੀ
ਸਰਹੱਦੀ ਖੇਤਰ ਦੇ ਪਿੰਡ ਚਾਹਲ ਦੇ ਇਕ ਵਿਅਕਤੀ ਮੇਜਰ ਸਿੰਘ ਵਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ| ਵਾਰਦਾਤ ਕਰਨ ਉਪਰੰਤ ਮੁਲਜ਼ਮ ਲਾਸ਼ ਨੂੰ ਇਕ ਕਮਰੇ ਵਿੱਚ ਬੰਦ ਕਰਕੇ ਆਪਣੇ ਛੋਟੇ ਲੜਕੇ ਯੋਧਬੀਰ ਸਿੰਘ ਨੂੰ ਨਾਲ ਲੈ ਕੇ ਗੁਰਦਾਸਪੁਰ ਦੇ ਪਿੰਡ ਭੇੜ ਗੁਆੜ ਚਲਾ ਗਿਆ| ਇਥੋਂ ਉਸ ਦੇ ਛੋਟੇ ਲੜਕੇ ਯੋਧਬੀਰ ਸਿੰਘ ਨੇ ਕਿਧਰੇ ਬਾਹਰ ਗਏ ਆਪਣੇ ਵੱਡੇ ਭਰਾ ਕਰਨਬੀਰ ਸਿੰਘ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਜਿਸ ਨੇ ਘਰ ਆ ਕੇ ਵਾਰਦਾਤ ਬਾਰੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੂੰ ਜਾਣਕਾਰੀ ਦਿੱਤੀ| ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦਫ਼ਾ 302 ਅਧੀਨ ਕੇਸ ਦਰਜ ਕੀਤਾ ਹੈ| ਪੁਲੀਸ ਨੇ ਦੱਸਿਆ ਕਿ ਮ੍ਰਿਤਕਾ ਦੀ ਸ਼ਨਾਖਤ ਗੁਰਪ੍ਰੀਤ ਕੌਰ (38) ਵਜੋਂ ਹੋਈ ਹੈ| ਪਰਿਵਾਰ ਵਲੋਂ ਦਰਜ ਕਰਵਾਏ ਬਿਆਨਾਂ ਦੇ ਅਧਾਰ ’ਤੇ ਪੁਲੀਸ ਨੇ ਦੱਸਿਆ ਕਿ ਮੁਲਜ਼ਮ ਮੇਜਰ ਸਿੰਘ ਅਕਸਰ ਆਪਣੀ ਪਤਨੀ ਨਾਲ ਝਗੜਾ ਕਰਦਾ ਰਹਿੰਦਾ ਸੀ ਜਿਸ ਨੇ ਵਾਰਦਾਤ ਲਈ ਪਹਿਲਾਂ ਆਪਣੀ ਪਤਨੀ ਦੇ ਸਿਰ ਵਿੱਚ ਸਰੀਆ ਮਾਰਿਆ ਅਤੇ ਫਿਰ ਉਸ ਦਾ ਗਲਾ ਘੁੱਟ ਦਿੱਤਾ| ਇਹ ਵਰਦਾਤ 20 ਫਰਵਰੀ ਦੀ ਰਾਤ ਦੀ ਹੈ ਜਿਸ ਬਾਰੇ ਪੁਲੀਸ ਨੂੰ ਅਗਲੀ ਸਵੇਰ ਹੀ ਜਾਣਕਾਰੀ ਮਿਲੀ|