ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 14 ਮਾਰਚ
ਇੱਥੋਂ ਥੋੜ੍ਹੀ ਦੂਰ ਪਿੰਡ ਅਗਵਾਨ ਦੇ ਜਗਰੂਪ ਸਿੰਘ (22) ਜੋ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ, ਦੀ ਲੰਘੇ ਮਹੀਨੇ ਮੌਤ ਹੋਣ ’ਤੇ ਉਥੋਂ ਦੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਮ੍ਰਿਤਕ ਦੇਹ ਅੱਜ ਪਿੰਡ ਪੁੱਜਣ ’ਤੇ ਸਰਹੱਦੀ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ। ਅੱਜ ਪੀੜਤ ਪਰਿਵਾਰ ਅਤੇ ਸਕੇ ਸਬੰਧੀਆਂ ਵੱਲੋਂ ਬੜੇ ਕਰੁਣਾਮਈ ਮਾਹੌਲ ਵਿੱਚ ਜਗਰੂਪ ਸਿੰਘ ਦਾ ਅੰਤਿਮ ਸਸਕਾਰ ਰਾਵੀ ਦਰਿਆ ਕਿਨਾਰੇ ਕੀਤਾ ਗਿਆ। ਪੀੜਤ ਬਾਪ ਏਐਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਜਗਰੂਪ ਸਿੰਘ ਦੇ ਸੁਨਹਿਰੇ ਭਵਿੱਖ ਲਈ 2017 ’ਚ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਿਆ ਸੀ। ਲੰਘੀ 18 ਫਰਵਰੀ ਨੂੰ ਉਸ ਨੇ ਆਪਣੇ ਚਚੇਰੇ ਭਰਾ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਸੀ ਜਦੋਂ ਕਿ ਬਾਅਦ ਵਿੱਚ ਜਗਰੂਪ ਸਿੰਘ ਦੀ ਲਾਸ਼ ਭੇਤਭਰੀ ਹਾਲਾਤ ਵਿੱਚ ਉਸਦੇ ਕਮਰੇ ਵਿੱਚੋਂ ਮਿਲੀ। ਉਨ੍ਹਾਂ ਕਿਹਾ ਕਿ ਜਗਰੂਪ ਸਿੰਘ ਦੀ ਭੈਣ ਪਵਨਦੀਪ ਕੌਰ ਵੀ ਕੈਨੇਡਾ ’ਚ ਸਟੱਡੀ ਵੀਜ਼ੇ ’ਤੇ ਰਹਿ ਰਹੀ ਹੈ। ਉਸ ਨੂੰ ਜਦੋਂ ਜਗਰੂਪ ਸਿੰਘ ਦੀ ਅਚਾਨਕ ਮੌਤ ਬਾਰੇ ਪਤਾ ਲੱਗਾ ਤਾਂ ਉਸ ਨੇ ਉਥੋਂ ਦੇ ਐਨ ਆਰ ਆਈ ਵੀਰਾਂ ਨੂੰ ਦੇਹ ਜੱਦੀ ਪਿੰਡ ਲਿਆਉਣ ਲਈ ਅਪੀਲ ਕੀਤੀ,ਜੋ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਜਗਰੂਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਆਈ ਹੈ। ਜਗਰੂਪ ਸਿੰਘ ਦੇ ਅੰਤਿਮ ਸਸਕਾਰ ਮੌਕੇ ਸਾਬਕਾ ਚੇਅਰਮੈਨ ਕੁਲਵੰਤ ਸਿੰਘ ਅਗਵਾਨ, ਬਾਬਾ ਸਰਬਜੀਤ ਸਿੰਘ ਬਟਾਲਾ, ਆੜ੍ਹਤੀ ਹਰਪਾਲ ਸਿੰਘ,ਸਰਪੰਚ ਰਿੰਕਾ ਅਗਵਾਨ, ਈ ਐੱਸ ਆਈ ਜੋਗਿੰਦਰ ਸਿੰਘ, ਗੁਰਇਕਬਾਲ ਸਿੰਘ ਆਦਿ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।