ਪੱਤਰ ਪ੍ਰੇਰਕ
ਘੁਮਾਣ, 7 ਮਾਰਚ
ਨੇੜਲੇ ਪਿੰਡ ਪੱਤੀ ਵਾੜਾ ਵਿੱਚ ਨੌਜਵਾਨ ਦੀ ਲਾਸ਼ ਭੇਤਭਰੀ ਹਾਲਤ ਵਿੱਚ ਮਿਲੀ। ਥਾਣਾ ਘੁਮਾਣ ਮੁਖੀ ਅਰਜਨ ਕੁਮਾਰ ਨੇ ਦੱਸਿਆ ਕਿ ਪੱਤੀ ਵਾੜਾ ਕੋਲ ਨੌਜਵਾਨ ਦੀ ਲਾਸ਼ ਹੋਣ ਦੀ ਜਾਣਕਾਰੀ ਮਿਲੀ ਸੀ ਜਿਸ ਦੀ ਸ਼ਨਾਖਤ ਮੰਗਾ ਪੁੱਤਰ ਭੋਲਾ ਵਾਸੀ ਗੁਨੋਪੁਰ (ਥਾਣਾ ਭੈਣੀ ਮੀਆਂ ਖਾਂ) ਵਜੋਂ ਹੋਈ। ਪਿੰਡ ਦੇ ਲੋਕਾਂ ਦੱਸਿਆ ਕਿ ਸਵੇਰੇ ਕੋਈ ਅਣਪਛਾਤਾ ਵਾਹਨ ਇਸ ਨੌਜਵਾਨ ਦੀ ਲਾਸ਼ ਸੁੱਟ ਗਿਆ ਹੈ। ਮ੍ਰਿਤਕ ਦੇ ਭਰਾ ਬੂਟਾ ਸਿੰਘ ਤੇ ਤਾਇਆ ਮਹਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਮ੍ਰਿਤਕ ਟਰੱਕ ਚਾਲਕ ਸੀ। ਉਨ੍ਹਾਂ ਪੁਲੀਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਉਚ ਪੱਧਰੀ ਜਾਂਚ ਕਰਕੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲੀਸ ਨੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤੀ ਹੈ।