ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 3 ਅਪਰੈਲ
ਨਾਨਕੇ ਪਿੰਡ ਧੂੰਦਾ ਵਿੱਚ ਆਏ ਸੁਖਚੈਨ ਸਿੰਘ (16) ਦੀ ਦਰਿਆ ਬਿਆਸ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਇਹ ਘਟਨਾ 28 ਮਾਰਚ ਨੂੰ ਵਾਪਰੀ ਸੀ। ਉਸ ਦੀ ਲਾਸ਼ ਇਕ ਹਫਤੇ ਬਾਅਦ ਥਾਣਾ ਚੋਹਲਾ ਸਾਹਿਬ ਦੇ ਅਧੀਨ ਆਉਂਦੇ ਪਿੰਡ ਕਰਮੂੰਵਾਲਾ ਦੇ ਪੱਤਣ ਤੋਂ ਬਰਾਮਦ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ (ਚੋਹਲਾ ਸਾਹਿਬ) ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਸਵੇਰ ਵੇਲੇ ਪਿੰਡ ਕਰਮੂੰਵਾਲਾ ਦੇ ਪੱਤਣ ਤੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਜਿਸ ਦੀ ਪਛਾਣ ਸੁਖਚੈਨ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਹਾਜੀਪੁਰ ਥਾਣਾ ਕਬੀਰਪੁਰ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਉਸ ਦੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਨਾਨਕੇ ਪਿੰਡ ਧੂੰਦਾ ਆਇਆ ਹੋਇਆ ਸੀ ਅਤੇ 28 ਮਾਰਚ ਨੂੰ ਆਪਣੇ ਦੋਸਤਾਂ ਨਾਲ ਦਰਿਆ ਬਿਆਸ ਵਿੱਚ ਨਹਾਉਣ ਲਈ ਗਿਆ ਸੀ ਜਿੱਥੇ ਉਹ ਡੁੱਬ ਗਿਆ। ਉਸ ਦੇ ਦੋਸਤਾਂ ਨੇ ਡਰ ਕਾਰਨ ਘਟਨਾ ਦੀ ਸੂਚਨਾ ਦੇਰ ਨਾਲ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਪਿਤਾ ਦੇ ਬਿਆਨਾਂ ’ਤੇ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।