ਗੁਰਬਖਸ਼ਪੁਰੀ
ਤਰਨ ਤਾਰਨ, 7 ਮਈ
ਸਰਹੱਦੀ ਖੇਤਰ ਦੇ ਪਿੰਡ ਛੀਨਾ ਬਿਧੀ ਚੰਦ ਵਾਸੀ ਸੁਖਵਿੰਦਰ ਸਿੰਘ ਉਰਫ ਸੁਰਿੰਦਰ ਸਿੰਘ ਸ਼ਿੰਦੁ (38) ਦੀ ਅੱਜ ਸਵੇਰੇ ਪਿੰਡ ਦੇ ਬਾਹਰਵਾਰ ਬਿਜਲੀ ਦੇ ਖੰਭੇ ਨਾਲ ਲਟਕਦੀ ਲਾਸ਼ ਮਿਲੀ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਪਰ ਮ੍ਰਿਤਕ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦੀ ਹੱਤਿਆ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿੰਦੂ ਆਪਣੇ ਹੀ ਪਿੰਡ ਦੇ ਕਿਸਾਨ ਨਵਰੂਪ ਸਿੰਘ ਨਾਲ ਖੇਤ ਮਜ਼ਦੂਰ ਸੀ| ਸੁਖਵਿੰਦਰ ਸਿੰਘ ਸ਼ਿੰਦੂ, ਉਸ ਦੇ ਮਾਲਕ ਨਵਰੂਪ ਸਿੰਘ ਅਤੇ ਪਿੰਡ ਦੇ ਇੱਕ ਹੋਰ ਵਿਅਕਤੀ ਹਰਦਿਆਲ ਸਿੰਘ ਤੋਂ ਇਲਾਵਾ ਪੰਜ ਅਣਪਛਾਤੇ ਵਿਅਕਤੀਆਂ ਖਿਲਾਫ਼ ਪਿੰਡ ਦੇ ਵਾਸੀ ਰਾਜਪਾਲ ਸਿੰਘ ਦੀ ਸ਼ਿਕਾਇਤ ਉੱਤੇ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਸੰਗੀਨ ਧਾਰਾਵਾਂ ਅਧੀਨ ਇੱਕ ਕੇਸ ਦਰਜ ਕੀਤਾ ਸੀ| ਰਾਜਪਾਲ ਸਿੰਘ ਨੇ ਦੋਸ਼ ਲਗਾਇਆ ਸੀ ਕਿ ਮੁਲਜ਼ਮਾਂ ਨੇ ਉਸ ਦੇ ਘਰ ਆ ਕੇ ਗੋਲੀਆਂ ਚਲਾਈਆਂ ਸਨ| ਸਰਾਏ ਅਮਾਨਤ ਖਾਂ ਦੀ ਪੁਲੀਸ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰ ਰਹੀ ਸੀ ਅਤੇ ਛਿੰਦੂ ਪੁਲੀਸ ਤੋਂ ਬਚਦਾ ਆ ਰਿਹਾ ਸੀ, ਇਸ ਦੌਰਾਨ ਅੱਜ ਉਸਦੀ ਲਾਸ਼ ਬਿਜਲੀ ਦੇ ਖੰਭੇ ਨਾਲ ਲਟਕਦੀ ਮਿਲੀ| ਪੁਲੀਸ ਨੇ ਇਸ ਨੂੰ ਆਤਮ ਹੱਤਿਆ ਦਾ ਮਾਮਲਾ ਮੰਨ ਕੇ ਕਾਰਵਾਈ ਕਰ ਦਿੱਤੀ ਪੁਲੀਸ ਦੇ ਕਾਬੂ ਆ ਜਾਣ ਦੇ ਡਰੋਂ ਉਹ ਘਰੋਂ ਦੌੜ ਗਿਆ ਸੀ ਅਤੇ ਉਸ ਦੀ ਲਾਸ਼ ਅੱਜ ਸਵੇਰ ਵੇਲੇ ਬਿਜਲੀ ਦੇ ਖੰਭਿਆਂ ਨਾਲ ਲਟਕਦੀ ਦੇਖੀ ਗਈ| ਮ੍ਰਿਤਕ ਦੀ ਪਤਨੀ ਸੋਨੂੰ ਨੇ ਦੱਸਿਆ ਕਿ ਰਾਜਪਾਲ ਸਿੰਘ ਤੇ ਉਸ ਦੇ ਸਾਥੀ ਉਸ ਦੇ ਪਤੀ ਨੂੰ ਧਮਕੀਆਂ ਦਿੰਦੇ ਆ ਰਹੇ ਸਨ ਜਿਸ ਕਰਕੇ ਉਹ ਮਾਨਸਿਕ ਤੌਰ ’ਤੇ ਬਹੁਤ ਪ੍ਰੇਸ਼ਾਨ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਪਤਨੀ ਨੇ ਪਤੀ ਦੀ ਹੱਤਿਆ ਕਰਨ ਦਾ ਲਾਇਆ ਦੋਸ਼
ਮ੍ਰਿਤਕ ਸੁਖਵਿੰਦਰ ਸਿੰਘ ਉਰਫ ਸੁਰਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਵੱਲੋਂ ਧਾਰਾ 174 ਅਧੀਨ ਦਰਜ ਕੀਤੀ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ| ਪਰਿਵਾਰ ਵੱਲੋਂ ਇਸ ਸਬੰਧੀ ਧਾਰਾ 302 ਅਧੀਨ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ| ਪਰਿਵਾਰ ਨੇ ਸੁਖਵਿੰਦਰ ਸਿੰਘ ਸੀ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਲਾਸ਼ ਨੂੰ ਸਰਾਏ ਅਮਾਨਤ ਖਾਂ ਦੇ ਸਾਹਮਣੇ ਰੱਖ ਕੇ ਧਰਨਾ ਸ਼ੁਰੂ ਕੀਤਾ ਹੈ| ਮ੍ਰਿਤਕ ਦੀ ਪਤਨੀ ਸੋਨੂੰ ਨੇ ਕਿਹਾ ਕਿ ਸੁਖਵਿੰਦਰ ਸਿੰਘ ਦੀ ਰਾਜਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਹੱਤਿਆ ਕਰਕੇ ਲਾਸ਼ ਬਿਜਲੀ ਦੇ ਖੰਭਿਆਂ ਨਾਲ ਟੰਗ ਦਿੱਤੀ ਸੀ|