ਪੱਤਰ ਪ੍ਰੇਰਕ
ਪਠਾਨਕੋਟ, 27 ਅਕਤੂਬਰ
ਇਥੇ ਖੱਤਰੀ ਭਵਨ ਨੂੰ ਜੋੜਨ ਵਾਲੇ ਲਿੰਕ ਰੋਡ ’ਤੇ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਲਿੰਕ ਰੋਡ ਤੋਂ ਨਿਕਲ ਰਹੇ ਨਾਲੇ ਉਪਰ ਬਣੀ ਪੁਲੀ ਤੋਂ ਇੱਕ ਆਟੋ ਸਲਿਪ ਕਰਕੇ ਥੱਲੇ 5-6 ਫੁੱਟ ਡੂੰਘੇ ਨਾਲੇ ਵਿੱਚ ਡਿੱਗ ਗਿਆ ਪਰ ਡਰਾਈਵਰ ਬਚ ਗਿਆ। ਆਟੋ ਡਰਾਈਵਰ ਵਿਨੋਦ ਨੇ ਦੱਸਿਆ ਕਿ ਉਹ ਪੁਲੀ ਨੂੰ ਪਾਰ ਕਰ ਰਿਹਾ ਸੀ ਤਾਂ ਸਾਹਮਣੇ ਤੋਂ ਇੱਕ ਕਾਰ ਆ ਗਈ ਤੇ ਉਹ ਰੁਕ ਗਿਆ। ਇਸ ਦੌਰਾਨ ਗੱਡੀ ਨੂੰ ਜਗ੍ਹਾ ਦੇਣ ਲਈ ਉਸ ਨੇ ਆਪਣਾ ਆਟੋ ਥੋੜ੍ਹਾ ਪਿੱਛੇ ਕੀਤਾ ਤਾਂ ਉਸ ਦਾ ਆਟੋ ਪੁਲੀ ਤੋਂ ਹੇਠਾਂ ਨਾਲੇ ਵਿੱਚ ਜਾ ਡਿੱਗਾ ਅਤੇ ਉਸ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਲੋਕਾਂ ਦਾ ਕਹਿਣਾ ਸੀ ਕਿ ਇਸ ਪੁਲੀ ’ਤੇ ਰੇਲਿੰਗ ਨਾ ਹੋਣ ਕਾਰਨ ਨਿੱਤ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲੀ ਦੀਆਂ ਸਾਈਡਾਂ ’ਤੇ ਰੇਲਿੰਗ ਲਗਾਈ ਜਾਵੇ।