ਕੇ.ਪੀ. ਸਿੰਘ
ਗੁਰਦਾਸਪੁਰ , 16 ਸਤੰਬਰ
ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ 13 ਸਾਲਾ ਬੱਚੀ ਨਾਲ ਜ਼ਬਰਦਸਤੀ ਕਰਨ ਵਾਲੇ ਪਿੰਡ ਹਰਦਾਨ ਵਾਸੀ ਵਿਜੇ ਕੁਮਾਰ ਦੀ ਗ੍ਰਿਫ਼ਤਾਰੀ ਤੇ ਉਸ ਨੂੰ ਗ੍ਰਿਫ਼ਤਾਰ ਨਾ ਕਰਨ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਦੋ ਘੰਟੇ ਤੱਕ ਥਾਣੇ ਦਾ ਘਿਰਾਓ ਕੀਤਾ ਗਿਆ। ਇਸ ਤੋਂ ਪਹਿਲਾਂ ਨਹਿਰੂ ਪਾਰਕ ਵਿੱਚ ਕਿਸਾਨਾਂ, ਔਰਤਾਂ, ਮਜ਼ਦੂਰਾਂ, ਵਿਦਿਆਰਥੀਆਂ, ਮੁਲਾਜ਼ਮਾਂ, ਅਤੇ ਬੁੱਧੀਜੀਵੀਆਂ ਦੇ ਸੱਦੇ ’ਤੇ ਸੈਂਕੜੇ ਲੋਕਾਂ ਨੇ ਤਰਲੋਕ ਸਿੰਘ ਬਹਿਰਾਮਪੁਰ, ਕਪੂਰ ਸਿੰਘ ਘੁੰਮਣ, ਗੁਰਵਿੰਦਰ ਸਿੰਘ ਜਿਉਣ ਚੱਕ, ਮਨੀ ਭੱਟੀ, ਬਲਵਿੰਦਰ ਕੌਰ ਅਲੀ ਸ਼ੇਰ, ਬਲਵਿੰਦਰ ਕੌਰ ਰਾਵਲਪਿੰਡੀ, ਐਡਵੋਕੇਟ ਬਲਵਿੰਦਰ ਕੌਰ, ਜੋਗਿੰਦਰ ਪਾਲ ਪਨਿਆੜ, ਮੁਲਾਜ਼ਮ ਆਗੂ ਨਿਰਮਲ ਸਿੰਘ ਸਰਵਾਲੀ ਡਾਕਟਰ ਜਗਜੀਵਨ ਰਾਮ, ਮੇਜਰ ਸਿੰਘ ਕੋਟ ਟੋਡਰਮਲ, ਅਸ਼ੋਕ ਭਾਰਤੀ ਆਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਰੈਲੀ ਕੀਤੀ। ਇਸ ਮੌਕੇ ਅਜੀਤ ਸਿੰਘ ਹੁੰਦਲ, ਸਤਵੀਰ ਸਿੰਘ ਸੁਲਤਾਨੀ, ਵਿਜੈ ਸੋਹਲ, ਸਲਵਿੰਦਰ ਸਿੰਘ ਮੌੜ, ਅਮਰਜੀਤ ਸ਼ਾਸਤਰੀ, ਮਾਸਟਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸੁਖਦੇਵ ਸਿੰਘ ਭਾਗੋਕਾਵਾਂ ਆਦਿ ਨੇ 13 ਸਾਲਾ ਬੱਚੀ ਨਾਲ ਜ਼ਬਰਦਸਤੀ ਕਰਨ ਵਾਲੇ ਵਿਅਕਤੀ ਦੀ ਗ੍ਰਿਫ਼ਤਾਰੀ ਨਾ ਕਰਨ ਤੇ ਉਸ ਨੂੰ ਵਿਦੇਸ਼ ਭਜਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਗ਼ੁੱਸੇ ਦਾ ਪ੍ਰਗਟਾਵਾ ਕਰਦਿਆਂ ਲੰਮੀ ਲੜਾਈ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਸ਼ਹਿਰ ’ਚ ਮਾਰਚ ਕਰਨ ਮਗਰੋਂ ਵੱਡੀ ਗਿਣਤੀ ਵਿੱਚ ਔਰਤਾਂ ਦੀ ਹਾਜ਼ਰੀ ’ਚ ਸਿਟੀ ਥਾਣੇ ਅੱਗੇ ਸੜਕ ’ਤੇ ਬੈਠ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਲਗਾਤਾਰ ਥਾਣੇ ਦਾ ਘਿਰਾਓ ਕਰਨ ਮਗਰੋਂ ਐੱਸਐੱਸਪੀ ਗੁਰਦਾਸਪੁਰ ਵੱਲੋਂ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ। ਮੀਟਿੰਗ ’ਚ ਹਾਜ਼ਰ ਕਮੇਟੀ ਆਗੂਆਂ ਵੱਲੋਂ ਦੋਸ਼ੀ ਵਿਜੈ ਕੁਮਾਰ ਦੀ ਗ੍ਰਿਫ਼ਤਾਰੀ, ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਤੇ ਦੋਸ਼ੀ ਦਾ ਮੋਟਰਸਾਈਕਲ, ਕਾਰ ਤੇ ਪਿਸਤੌਲ ਦਾ ਲਾਇਸੈਂਸ ਕੈਂਸਲ ਕਰਨ ਦੀ ਮੰਗ ਰੱਖੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਵਿਜੈ ਕੁਮਾਰ ਵਿਦੇਸ਼ ਚਲਿਆ ਗਿਆ ਹੈ ਪਰ ਕਮੇਟੀ ਵੱਲੋਂ ਉਨ੍ਹਾਂ ਦੀ ਇਸ ਦਲੀਲ ਨੂੰ ਰੱਦ ਕੀਤਾ ਗਿਆ। ਮੀਟਿੰਗ ’ਚ ਐੱਸਐੱਸਪੀ ਨੇ ਵਿਸ਼ਵਾਸ ਦਿਵਾਇਆ ਕਿ ਵਿਮੈਨ ਸੈੱਲ ਦੀ ਇੰਚਾਰਜ ਨੂੰ ਤੁਰੰਤ ਬਦਲਿਆ ਜਾਵੇਗਾ। ਐੱਸਐੱਸਪੀ ਨੇ ਵਿਸ਼ਵਾਸ ਦੁਆਇਆ ਕਿ ਹੈ ਦੋਸ਼ੀ ਦੀ ਪੁਸ਼ਤ ਪਨਾਹੀ ਕਰਨ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਤੇ ਇਸ ਕੇਸ ਦੀ ਜਾਂਚ ਕਰਨ ਲਈ ਨਵੀਂ ਸਪੈਸ਼ਲ ਜਾਂਚ ਕਮੇਟੀ ਕਾਇਮ ਕਰਕੇ ਇਸ ਘਟਨਾ ’ਚ ਕੋਤਾਹੀ ਕਰਨ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਵਿਭਾਗੀ ਜਾਂਚ ਕੀਤੀ ਜਾਵੇਗੀ।