ਪੱਤਰ ਪ੍ਰੇਰਕ
ਤਰਨ ਤਾਰਨ, 6 ਜੁਲਾਈ
ਇਲਾਕੇ ਦੇ ਪਿੰਡ ਰੈਸ਼ੀਆਨਾ ਦੇ ਪਸ਼ੂ ਪਾਲਕ ਕਿਸਾਨ ਮਨਜਿੰਦਰ ਸਿੰਘ ਦੇ ਦੋ ਦੁਧਾਰੂ ਪਸ਼ੂਆਂ ਦੀ ਅੱਜ ਦੁਪਹਿਰ ਵੇਲੇ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਗਈ| ਪੀੜਤ ਕਿਸਾਨ ਨੇ ਇਸ ਸਬੰਧੀ ਅੱਜ ਇਥੇ ਦੱਸਿਆ ਕਿ ਉਸਨੇ ਆਪਣੇ ਸਾਰੇ ਦੇ ਸਾਰੇ ਦੁਧਾਰੂ ਪਸ਼ੂ ਹਵੇਲੀ ਵਿੱਚ ਬੰਨ੍ਹੇ ਹੋਏ ਸਨ ਅਤੇ ਦੁਪਹਿਰ ਵੇਲੇ ਅਚਾਨਕ ਅਸਮਾਨੀ ਬਿਜਲੀ ਦੇ ਡਿੱਗਣ ਕਾਰਨ ਉਸ ਦੀ ਇਕ ਸੱਜਰ ਸੁਈ ਗਾਂ ਅਤੇ ਤੀਸਰੇ ਸੂਏ ਸੂਨ ਵਾਲੀ ਵਧੀਆ ਨਸਲ ਦੀ ਕੀਮਤੀ ਮੱਝ ਮਰ ਗਈ| ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪਸ਼ੂ ਪਾਲਣ ਵਿਭਾਗ ਦੀ ਇਕ ਟੀਮ ਮੌਕੇ ’ਤੇ ਪੁੱਜੀ| ਕਿਸਾਨ ਨੇ ਇਸ ਸਬੰਧੀ ਪੁਲੀਸ ਨੂੰ ਸੁਚਨਾ ਦੇ ਦਿੱਤੀ ਹੈ| ਕਿਸਾਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਦੁਧਾਰੂ ਪਸ਼ੂਆਂ ਦੀ ਕੀਮਤ ਦੋ ਲੱਖ ਰੁਪਏ ਤੋਂ ਵੱਧ ਹੈ।