ਪੱਤਰ ਪ੍ਰੇਰਕ
ਅਜਨਾਲਾ, 5 ਅਕਤੂਬਰ
ਅੱਜ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅਜਨਾਲਾ ਦੀਆਂ ਦਾਣਾ ਮੰਡੀਆਂ ਅਜਨਾਲਾ, ਗੱਗੋਮਾਹਲ, ਅਵਾਣ, ਚੱਕ ਸਿਕੰਦਰ ਤੇ ਚਮਿਆਰੀ ਦੀਆਂ ਦਾਣਾਂ ਮੰਡੀਆਂ ’ਚ ਮੰਡੀ ਬੋਰਡ, ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਦਾਣਾ ਮੰਡੀ ਗੱਗੋਮਾਹਲ ’ਚ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੇ ਖਰੀਦ ਪ੍ਰਬੰਧਾਂ ਵਿੱਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕਰੇਗੀ ਅਤੇ ਕਿਸਾਨਾਂ ਨੂੰ ਝੋਨੇ ਦੀ 48 ਘੰਟਿਆਂ ਅੰਦਰ ਅਦਾਇਗੀ ਕਰਨਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਰਹਿਤ ਕਰਨ ਲਈ ਖੇਤੀਬਾੜੀ ਵਬਿਾਗ ਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤੇ ਇਸੇ ਤਹਿਤ ਪਰਾਲੀ ਦੀ ਸੰਭਾਲ ਕਰਨ ਲਈ ਸੂਬੇ ’ਚ 1 ਲੱਖ 22 ਹਜ਼ਾਰ ਦੇ ਕਰੀਬ ਖੇਤੀ ਸੰਦ ਸਬਸਿਡੀ ’ਤੇ ਦਿੱਤੇ ਗਏ ਹਨ ਜੋ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਸਹਾਈ ਹੋਣਗੇ। ਇਨ੍ਹਾਂ ਮੰਡੀਆਂ ’ਚ ਹਾਜ਼ਰ ਕਿਸਾਨਾਂ ਨੇ ਨਿਰਮਾਣ ਅਧੀਨ ਅਜਨਾਲਾ ਤੋਂ ਰਮਦਾਸ ਸੜਕ ਨੂੰ ਜਲਦ ਬਣਾਉਣ ਤੇ ਪੱਲੇਦਾਰਾਂ ਨੇ ਮੰਡੀਆਂ ’ਚ ਪੀਣਯੋਗ ਪਾਣੀ ਲਈ ਟੂਟੀਆਂ ਤੇ ਬਾਥਰੂਮ ਬਣਾਉਣ ਦੀ ਮੰਗ ਕੀਤੀ ਜਿਸ ਨੂੰ ਮੰਤਰੀ ਨੇ ਹਾਜ਼ਰ ਅਧਿਕਾਰੀਆਂ ਨੂੰ ਤਰੁੰਤ ਕਾਰਵਾਈ ਕਰਕੇ ਸਾਰੀਆਂ ਊਣਤਾਈਆਂ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਏ.ਸੀ ਕਮਰਿਆਂ ਦੀ ਬਜਾਏ ਗਰਾਊਂਡ ਤੋਂ ਚੱਲ ਰਹੀ ਹੈ ਤੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਨਾ ਹੀ ਕਿਸੇ ਭ੍ਰਿਸ਼ਟਾਚਾਰੀ ਨੂੰ ਬਖਸ਼ਿਆ ਜਾਵੇਗਾ। ਇਸ ਮੌਕੇ ਐੱਸ.ਡੀ.ਐੱਮ ਅਜਨਾਲਾ ਅਮਨਪ੍ਰੀਤ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਸਾਹਬ ਸਿੰਘ, ਮੰਡੀ ਅਧਿਕਾਰੀ ਬਲਕਾਰ ਸਿੰਘ ਬਾਜਵਾ, ਕਾਬਲ ਸਿੰਘ ਸੰਧੂ, ਏ.ਐੱਫ.ਐੱਸ.ਓ ਸੰਦੀਪ ਸਿੰਘ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਦਾਣਾਂ ਮੰਡੀਆਂ ਵਿੱਚ ਪਰਮਲ ਝੋਨੇ ਦੀ ਆਮਦ ਨਾ ਮਾਤਰ ਹੀ ਹੈ ਤੇ ਬਾਸਮਤੀ ਦੀ ਆਮਦ ਹੋ ਰਹੀ ਹੈ ਜਿਸਨੂੰ ਨਿੱਜੀ ਫਰਮਾਂ ਖਰੀਦ ਰਹੀਆਂ ਹਨ। ਖੇਤੀਬਾੜੀ ਮੰਤਰੀ ਦੀਆਂ ਹਦਾਇਤਾਂ ਦੇ ਬਾਵਜੂਦ ਖੇਤੀਬਾੜ੍ਹੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਹੱਦੀ ਖੇਤਰ ’ਚ ਪਰਾਲੀ ਸੰਭਾਲਣ ਲਈ ਬਹੁਤ ਘੱਟ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ।