ਹਰਜੀਤ ਸਿੰਘ ਪਰਮਾਰ
ਬਟਾਲਾ, 19 ਅਕਤੂਬਰ
ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚੋਂ ਦੋ ਔਰਤਾਂ ਵੱਲੋਂ ਤਿੰਨ ਦਿਨਾਂ ਦੇ ਨਵਜੰਮੇ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਬਟਾਲਾ ਪੁਲੀਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਬੱਚੇ ਨੂੰ 10 ਘੰਟਿਆਂ ਦੇ ਅੰਦਰ ਬਰਾਮਦ ਕਰਕੇ ਰਾਤ ਨੂੰ ਹੀ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ। ਕੱਲ੍ਹ ਬੱਚਾ ਚੋਰੀ ਹੋਣ ਦੇ ਬਾਅਦ ਬਟਾਲਾ ਪੁਲੀਸ ਨੇ ਤੁਰੰਤ ਸ਼ਹਿਰ ਅੰਦਰ ਨਾਕਾਬੰਦੀ ਕਰਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਅਤੇ ਸੀਸੀਟੀਵੀ ਫੁਟੇਜ਼ ਦੇ ਆਧਾਰ ’ਤੇ ਬਹੁਤ ਜਲਦੀ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਸਫਲਤਾ ਪ੍ਰਾਪਤ ਕੀਤੀ। ਪੁਲੀਸ ਨੇ ਕੱਲ੍ਹ ਦੋ ਅਣਪਛਾਤੀਆਂ ਔਰਤਾਂ ਖਿਲਾਫ਼ ਬੱਚਾ ਅਗਵਾ ਕਰਨ ਦਾ ਮੁਕੱਦਮਾ ਦਰਜ ਕੀਤਾ ਸੀ। ਅੱਜ ਐੱਸਐੱਸਪੀ ਬਟਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘਟਨਾ ਅਤੇ ਮਾਮਲੇ ਨੂੰ ਟਰੇਸ ਕਰਨ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਪੁਲੀਸ ਨੇ ਇਸ ਘਟਨਾ ਵਿੱਚ ਸ਼ਾਮਲ ਤਿੰਨ ਔਰਤਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਵਿੱਚ ਇੱਕ ਆਸ਼ਾ ਵਰਕਰ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਇਸ ਸਾਜਿਸ਼ ਵਿੱਚ ਹੋਰ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਵੀ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੇ ਪਿਤਾ ਪ੍ਰਗਟ ਸਿੰਘ ਦੀ ਪਹਿਲੀ ਪਤਨੀ ਨੇ ਹੀ ਇਹ ਸਾਜਿਸ਼ ਰਚੀ ਸੀ ਕਿਉਂਕਿ ਪ੍ਰਗਟ ਸਿੰਘ ਆਪਣੀ ਪਤਨੀ ਦੀ ਭੈਣ ਗੋਗੀ ਨਾਲ ਹੀ ਲਿਵ-ਇਨ-ਰਿਲੇਸ਼ਨ ਵਿੱਚ ਰਹਿ ਰਿਹਾ ਸੀ ਅਤੇ ਚਾਰ ਦਿਨ ਪਹਿਲਾਂ ਹੀ ਗੋਗੀ ਨੇ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ। ਬੱਚਾ ਅਗਵਾ ਕਰਨ ਲਈ ਪਹਿਲੀ ਪਤਨੀ ਨੇ ਰਜਿੰਦਰ ਕੌਰ ਅਤੇ ਰੁਪਿੰਦਰ ਕੌਰ ਵਾਸੀ ਚੀਮਾ ਖੁੱਡੀ ਨਾਲ ਸੰਪਰਕ ਕੀਤਾ ਅਤੇ ਪੈਸਿਆਂ ਦਾ ਲਾਲਚ ਦੇ ਕੇ ਇਹ ਕੰਮ ਕਰਨ ਲਈ ਕਿਹਾ। ਰੁਪਿੰਦਰ ਕੌਰ ਪਿੰਡ ਚੀਮਾ ਖੁੱਡੀ ਵਿੱਚ ਹੀ ਆਸ਼ਾ ਵਰਕਰ ਵਜੋਂ ਕੰਮ ਕਰ ਰਹੀ ਹੈ। ਉਕਤ ਦੋਵਾਂ ਔਰਤਾਂ ਨੇ ਅੱਗੇ ਦੋ ਔਰਤਾਂ ਪਰਮਜੀਤ ਕੌਰ ਵਾਸੀ ਅੰਮ੍ਰਿਤਸਰ ਅਤੇ ਰੋਜ਼ੀ ਨੂੰ ਇਹ ਕੰਮ ਸੌਂਪਿਆ ਅਤੇ ਪਰਮਜੀਤ ਕੌਰ ਅਤੇ ਰੋਜ਼ੀ ਨੇ ਹੀ ਸੋਮਵਾਰ ਨੂੰ ਬਟਾਲਾ ਦੇ ਹਸਪਤਾਲ ਵਿੱਚੋਂ ਬੱਚੇ ਨੂੰ ਚੋਰੀ ਕੀਤਾ ਅਤੇ ਉਪਰੰਤ ਬੱਚਾ ਰਜਿੰਦਰ ਕੌਰ ਅਤੇ ਰੁਪਿੰਦਰ ਕੌਰ ਦੇ ਹਵਾਲੇ ਕਰ ਦਿੱਤਾ।