ਪੱਤਰ ਪ੍ਰੇਰਕ
ਤਰਨ ਤਾਰਨ, 6 ਜੁਲਾਈ
ਤਰਨ ਤਾਰਨ ਜ਼ਿਲ੍ਹੇ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਐਲਾਨਿਆ ਨਤੀਜਾ ਸ਼ਾਨਦਾਰ ਰਿਹਾ ਹੈ| ਜ਼ਿਲ੍ਹੇ ਦੇ ਕੁਲ 13,876 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ, ਜਿਨ੍ਹਾਂ ਵਿੱਚੋਂ 13,710 ਵਿਦਿਆਰਥੀ ਸਫਲ ਰਹੇ ਹਨ| ਜ਼ਿਲ੍ਹੇ ਦੀ ਸਫਲ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 98.80 ਹੈ| ਬੋਰਡ ਵੱਲੋਂ ਸੂਬੇ ਦੇ ਜਿਹੜੇ 312 ਵਿਦਿਆਰਥੀਆਂ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ, ਉਸ ਵਿੱਚ ਜ਼ਿਲ੍ਹੇ ਦੇ ਚਾਰ ਵਿਦਿਆਰਥੀਆਂ ਨੇ ਆਪਣਾ ਨਾਮ ਦਰਜ ਕਰਵਾ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਮੈਰਿਟ ਸੂਚੀ ਵਿੱਚ ਸ਼ਾਮਲ ਵਿਦਿਆਰਥੀਆਂ ਵਿੱਚ ਤਿੰਨ ਲੜਕੀਆਂ ਸਿਮਰਨਪ੍ਰੀਤ ਕੌਰ, ਹਰਮਨਪ੍ਰੀਤ ਕੌਰ ਅਤੇ ਹਰਨੂਰ ਕੌਰ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੰਗ ਦੀਆਂ ਹਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਭਰਾ ਦੀ ਲੜਕੀ ਸੁਮਨਪ੍ਰੀਤ ਕੌਰ ਦਾ ਨਾਂ ਵੀ ਸ਼ਾਮਲ ਹੈ|
ਧਾਰੀਵਾਲ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਗੁਰੂ ਗੋਬਿੰਦ ਸਿੰਘ (ਜੀ.ਜੀ.ਐੱਸ) ਮਾਡਰਨ ਸਕੂਲ ਬਖਤਪੁਰ ਦਾ ਨਤੀਜਾ ਸੌ ਫੀਸਦ ਰਿਹਾ। ਇਸ ਸਬੰਧੀ ਸਕੂਲ ਪ੍ਰਿੰਸੀਪਲ ਮੇਜਰ ਸਿੰਘ ਚਾਹਲ ਨੇ ਦੱਸਿਆ ਕਿ ਵਿਦਿਆਰਥਣ ਤਨੀਸ਼ਾ ਰਾਏ ਭੁੰਬਲੀ 93.5 ਫ਼ੀਸਦ, ਮਹਿਕਦੀਪ ਕੌਰ ਪਸਨਾਵਾਲ 92.8 ਫੀਸਦ, ਗੁਰਲੀਨ ਕੌਰ 92.6 ਫੀਸਦ, ਪ੍ਰਭਜੋਤ ਕੌਰ 92.3 ਫੀਸਦ ਅਤੇ ਲਵਲੀਨ ਕੌਰ 92.2 ਫੀਸਦ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲੇ, ਦੂਜੇ, ਤੀਜੇ, ਚੌਥਾ ਅਤੇ ਪੰਜਵੇਂ ਸਥਾਨ ’ਤੇ ਰਹੀਆਂ, ਜਦਕਿ ਮਹਿਕਪ੍ਰੀਤ ਕੌਰ 92 ਫ਼ੀਸਦ ਅਤੇ ਮਨਜੀਤ ਕੌਰ ਨੇ 92 ਫੀਸਦ ਅੰਕ ਪ੍ਰਾਪਤ ਕੀਤੇ ਹਨ।
ਪ੍ਰਿੰਸ ਬਸਰਾ ਦਾ ਪੰਜਾਬ ’ਚ 12ਵਾਂ ਸਥਾਨ
ਭੋਗਪੁਰ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ’ਚ ਸਰਕਾਰੀ ਹਾਈ ਸਕੂਲ ਮਾਣਕਰਾਏ-ਲੁਹਾਰਾਂ (ਜਲੰਧਰ) ਦਾ ਵਿਦਿਆਰਥੀ ਪ੍ਰਿੰਸ ਬਸਰਾ ਨੇ ਪੰਜਾਬ ਵਿਚੋਂ 12ਵਾਂ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੇ ਅਧਿਆਪਕਾਂ ਅਤੇ ਉਸ ਦੇ ਜੱਦੀ ਪਿੰਡ ਲੁਹਾਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਾ ਕੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਪਿੰਡ ਲੁਹਾਰਾਂ ਦੀ ਪੰਚਾਇਤ ਨੇ ਸਾਂਝੇ ਤੌਰ ’ਤੇ ਪ੍ਰਿੰਸ ਬਸਰਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥੀ ਨੇ ਦੱਸਿਆ ਕਿ ਉਸ ਨੇ ਸਖ਼ਤ ਮਿਹਨਤ, ਅਧਿਆਪਕਾਂ ਦੀ ਗਾਈਡਲਾਈਨ ਅਤੇ ਮਾਪਿਆਂ ਦੇ ਆਸ਼ੀਰਵਾਦ ਨੇ ਉਸ ਨੂੰ ਮੱਲਾਂ ਮਾਰਨ ਦਾ ਬਲ ਬਖਸ਼ਿਆ।
ਅੱਟੀ ਸਕੂਲ ਦੇ ਵਿਦਿਆਰਥੀ ਪਹਿਲੇ ਦਰਜੇ ’ਚ ਪਾਸ
ਫਿਲੌਰ (ਪੱਤਰ ਪ੍ਰੇਰਕ): ਦਸਵੀਂ ਜਮਾਤ ਦੇ ਨਤੀਜੇ ’ਚ ਸ੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਬਲਜਿੰਦਰ ਕੁਮਾਰ, ਸੰਦੀਪ ਕੌਰ ਅਤੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਰੇ 46 ਵਿਦਿਆਰਥੀਆਂ ਨੇ ਪਹਿਲਾ ਦਰਜਾ ਹਾਸਲ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਹਰਨੂਰ ਪੁੱਤਰੀ ਮਾਸਟਰ ਅਵਤਾਰ ਲਾਲ ਨੇ ਪਹਿਲਾ ਸਥਾਨ, ਮੁਸਕਾਨ ਪੁੱਤਰੀ ਰੇਸ਼ਮ ਲਾਲ ਨੇ ਦੂਸਰਾ ਸਥਾਨ ਅਤੇ ਕੋਮਲ ਪੁੱਤਰੀ ਭੁਪਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ।