ਪੱਤਰ ਪ੍ਰੇਰਕ
ਫ਼ਤਹਿਗੜ੍ਹ ਚੂੜੀਆਂ, 8 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਚੂੜੀਆਂ ਦੀਆਂ ਮੈਰਿਟ ਲਿਸਟ ਵਿੱਚ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥੀਅਣਾਂ ਨੂੰ ਸਕੂਲ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਅਨੀਤਾ ਅਰੋੜਾ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਮਹਿਕਪ੍ਰੀਤ ਕੌਰ ਨੇ 650 ਵਿਚੋਂ 638 ਅੰਕ, ਸਕਲੀਨ ਕੌਰ ਨੇ 650 ਵਿੱਚੋਂ 630 ਅੰਕ ਹਾਸਲ ਕਰਕੇ ਮੈਰਿਟ ਲਿਸਟ ਵਿੱਚ ਸਾਰੇ ਪੰਜਾਬ ਵਿੱਚੋਂ ਕ੍ਰਮਵਾਰ 6ਵਾਂ ਅਤੇ 14ਵਾਂ ਸਥਾਨ ਹਾਸਲ ਕੀਤਾ ਹੈ।
ਅੰਮ੍ਰਿਤਸਰ (ਪੱਤਰ ਪ੍ਰੇਰਕ): ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੇ ਨਤੀਜੇ ’ਚੋਂ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋੋਗੋਆਣੀ ਨੇ ਦੱਸਿਆ ਕਿ ਇਸ ਸਾਲ ਕੁੱਲ 265 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਦਿੱਤੀ ਤੇ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।
ਸ਼ਾਹਕੋਟ (ਪੱਤਰ ਪ੍ਰੇਰਕ): ਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਦਾ ਨਤੀਜਾ 100 ਫ਼ੀਸਦੀ ਰਿਹਾ। ਪ੍ਰਿੰਸੀਪਲ ਰੇਖਾ ਸ਼ਰਮਾ ਨੇ ਦੱਸਿਆ ਕਿ ਰੰਜਨਪ੍ਰੀਤ ਕੌਰ ਨੇ ਪਹਿਲਾ, ਹਰਮਨਦੀਪ ਕੌਰ ਦੂਜਾ, ਮੁਸਕਾਨ ਤੀਜਾ ਅਤੇ ਗੁਰਲੀਨ ਕੌਰ ਥਿੰਦ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਹਾਈ ਸਕੂਲ ਸਿੰਬਲ ਮਜਾਰਾ ਦਾ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦ ਰਿਹਾ। ਸਕੂਲ ਮੁਖੀ ਜਸਵਿੰਦਰ ਕੌਰ ਸ਼ੇਤਰਾ ਨੇ ਦੱਸਿਆ ਕਿ ਵਿਦਿਆਰਥਣ ਗੁਰਸ਼ਰਨ ਕੌਰ ਨੇ ਸਕੂਲ ’ਚੋਂ ਪਹਿਲਾ, ਸਿਮਰਨ ਨੇ ਦੂਜਾ ਅਤੇ ਨੇਹਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦਾ ਨਤੀਜਾ 100 ਫੀਸਦ ਰਿਹਾ।
ਨੰਦਨੀ ਸ਼ਰਮਾ ਦਾ ਨਾਂ ਮੈਰਿਟ ਵਿੱਚ ਸ਼ਾਮਲ
ਚੇਤਨਪੁਰਾ (ਪੱਤਰ ਪ੍ਰੇਰਕ): ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੀ ਵਿਦਿਆਰਥਣ ਨੰਦਨੀ ਸ਼ਰਮਾ ਪੁੱਤਰੀ ਨਰਿੰਦਰਪਾਲ ਲਾਡੀ ਤੇੜਾ ਵਾਸੀ ਪਿੰਡ ਤੇੜਾ ਖੁਰਦ ਨੇ ਦਸਵੀਂ ’ਚੋਂ 650 ਵਿੱਚੋਂ 612 ਅੰਕ ਪ੍ਰਾਪਤ ਕਰਕੇ ਕੇ 94 ਫ਼ੀਸਦ ਨਾਲ ਮੈਰਿਟ ਹਾਸਲ ਕੀਤੀ ਹੈ। ਕੁਮਾਰੀ ਨੰਦਨੀ ਸ਼ਰਮਾ ਦੀ ਇਸ ਉਪਲਬਧੀ ’ਤੇ ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ, ਕਲਾਸ ਦੀ ਇੰਚਾਰਜ ਬਲਵਿੰਦਰ ਕੌਰ ਅਤੇ ਦੀਪਿਕਾ ਜੋਸ਼ੀ ਨੇ ਨੰਦਨੀ ਸ਼ਰਮਾ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।
ਨਵਦੀਪ ਕੌਰ ਦਾ ਸੂਬੇ ’ਚੋਂ ਅੱਠਵਾਂ ਸਥਾਨ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਨਵਦੀਪ ਕੌਰ ਨੇ 650/638 ਅੰਕ ਪ੍ਰਾਪਤ ਕਰ ਕੇ ਪੂਰੇ ਪੰਜਾਬ ’ਚੋਂ ਅੱਠਵਾਂ ਸਥਾਨ ਪ੍ਰਾਪਤ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਹੈੱਡਮਾਸਟਰ ਸੁਭਾਸ਼ ਚੰਦਰ ਨੇ ਦੱਸਿਆ ਕਿ ਨਵਦੀਪ ਕੌਰ ਇਸ ਸੰਸਥਾ ਵਿੱਚ ਛੇਵੀਂ ਜਮਾਤ ਵਿੱਚ ਦਾਖ਼ਲ ਹੋਈ ਤੇ ਹਰ ਜਮਾਤ ਵਿੱਚ ਪਹਿਲੇ ਦਰਜੇ ’ਤੇ ਰਹੀ ਹੈ। ਸਕੂਲ ਸਟਾਫ ਵੱਲੋਂ ਵਿਦਿਆਰਥਣ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।