ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 9 ਫਰਵਰੀ
ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਮਾਰਗ ਤੇ ਸਥਿਤ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਗੋਲਕ ਦੀ ਗਿਣਤੀ ਨੂੰ ਲੈ ਕੇ ਮਾਹੌਲ ਤਲਖੀ ਭਰਿਆ ਦਿਖਾਈ ਦਿੱਤਾ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਲਈ ਸਿੱਖ ਗੁਰਦੁਆਰਾ ਜੁਡੀਸ਼ਲ ਵੱਲੋਂ ਨਿਯੁਕਤ ਕੀਤੇ ਰਸੀਵਰ ਅਤੇ ਪਿਛਲੇ 18 ਸਾਲਾਂ ਤੋਂ ਗੁਰਦੁਆਰਾ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਰਹੇ ਜਥੇਦਾਰ ਬਾਬਾ ਭੀਮ ਸਿੰਘ ਦਰਮਿਆਨ ਗੋਲਕ ਦੀ ਗਿਣਤੀ ਨੂੰ ਲੈ ਕੇ ਸਥਿਤੀ ਤਨਾਅਪੂਰਨ ਬਣੀ ਹੋਈ ਹੈ। ਇਸ ਤਣਾਅ ਪੂਰਨ ਮਾਹੌਲ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਜਸਵੰਤ ਸਿੰਘ ਭਾਰੀ ਪੁਲੀਸ ਫੋਰਸ ਸਮੇਤ ਮੌਕੇ ’ਤੇ ਤਾਇਨਾਤ ਰਹੇ। ਉਨ੍ਹਾਂ ਦੋਵਾਂ ਧਿਰਾਂ ਨੂੰ ਸ਼ਾਤਮਈ ਢੰਗ ਨਾਲ ਸਹਿਮਤੀ ਬਣਾਉਣ ਦੀ ਅਪੀਲ ਕੀਤੀ ਜਿਸ ਦੌਰਾਨ ਬਾਬਾ ਭੀਮ ਸਿੰਘ ਅਤੇ ਸਿੱਖ ਗੁਰਦੁਆਰਾ ਜੁਡੀਸ਼ਲ ਵੱਲੋਂ ਨਿਯੁਕਤ ਕੀਤੇ ਰਸੀਵਰ ਹਰਬੇਅੰਤ ਸਿੰਘ ਅਤੇ ਐਸਜੀਪੀਸੀ ਵੱਲੋਂ ਗੋਲਕ ਦੀ ਗਿਣਤੀ ਕਰਵਾਉਣ ਪਹੁੰਚੇ ਇੰਸਪੈਕਟਰ ਗੁਰਸਿਮਰਨ ਸਿੰਘ ਦਰਮਿਆਨ ਤਲਖਕਲਾਮੀ ਵੀ ਹੋਈ। ਇਸ ਮਗਰੋਂ ਪੁਲੀਸ ਦੀ ਨਿਗਰਾਨੀ ਹੇਠ ਗੋਲਕ ਦੀ ਗਿਣਤੀ ਸ਼ੁਰੂ ਕੀਤੀ ਗਈ। ਇਸ ਦੌਰਾਨ ਰਸੀਵਰ ਹਰਬੇਅੰਤ ਸਿੰਘ ਨੇ ਕਿਹਾ ਕਿ ਜਥੇਦਾਰ ਭੀਮ ਸਿੰਘ ਧੱਕੇਸ਼ਾਹੀ ਕਰਦੇ ਹੋਏ ਗੁਰਦੁਆਰੇ ਦੀ ਗੋਲਕ ਦੀ ਗਿਣਤੀ ਰੋਕ ਰਹੇ ਹਨ। ਜਦਕਿ ਬਾਬਾ ਭੀਮ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਗੁਰਦੁਆਰਾ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਲਈ 25 ਸਾਲਾਂ ਦੀ ਲਿਖਤੀ ਸੇਵਾ ਹੈ ਅਤੇ ਕੁਝ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਲੋਕਲ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਸੀ ਜਿਸ ਸਬੰਧੀ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਉਨ੍ਹਾਂ ਦੋਸ਼ ਲਗਾਉਂਦੇ ਕਿਹਾ ਕਿ ਸਿੱਖ ਗੁਰਦੁਆਰਾ ਜੁਡੀਸ਼ਲ ਵੱਲੋਂ ਨਿਯੁਕਤ ਕੀਤਾ ਰਸੀਵਰ ਹਰਬੇਅੰਤ ਸਿੰਘ ਗੁਰਦੁਆਰੇ ਦੀ ਗੋਲਕ ’ਤੇ ਕਬਜ਼ਾ ਕਰਕੇ ਗੁਰਦੁਆਰੇ ਦੇ ਪ੍ਰਬੰਧਾਂ ਲਈ ਕੋਈ ਖਰਚ ਨਹੀਂ ਦੇ ਰਿਹਾ। ਇਥੋਂ ਤੱਕ ਕਿ ਗੁਰਦੁਆਰੇ ਦਾ 70 ਹਜ਼ਾਰ ਰੁਪਏ ਦੇ ਕਰੀਬ ਬਿਜਲੀ ਦਾ ਬਿੱਲ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਗੁਰੂ ਕੇ ਲੰਗਰਾਂ ਲਈ ਕੋਈ ਰਸਦ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਰਸੀਵਰ ਹਰਬੇਅੰਤ ਸਿੰਘ ਨੇ ਕਿਹਾ ਕਿ ਉਹ ਡਿਊਟੀ ਅਨੁਸਾਰ ਗੋਲਕ ਦੇ ਚੜਾਵੇ ਦੀ ਰਕਮ ਗੁਰਦੁਆਰੇ ਦੇ ਪ੍ਰਬੰਧਾਂ ਲਈ ਖਰਚ ਕਰਦੇ ਹਨ। ਐਸਐਚਓ ਜਸਵੰਤ ਸਿੰਘ ਨੇ ਕਿਹਾ ਕਿ ਸ਼ਾਂਤਮਈ ਮਾਹੌਲ ਵਿੱਚ ਗੋਲਕ ਦੀ ਗਿਣਤੀ ਕਰਵਾ ਦਿੱਤੀ ਗਈ ਹੈ।