ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 20 ਜੂਨ
ਇਥੇ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਗੁਨੋਪੁਰ ਵਿੱਚ ਇੱਕ ਕਿਸਾਨ ਪਰਿਵਾਰ ਵੱਲੋਂ ਸੇਮ ਨਾਲੇ ਨਾਲ ਪੈਂਦੇ ਰਸਤੇ ਦੇ ਰਕਬੇ ਨੂੰ ਵਾਹ ਕੇ ਆਪਣੇ ਖੇਤ ਵਿੱਚ ਮਿਲਾਉਣ ਮਗਰੋਂ ਪਿੰਡ ਵਿੱਚ ਤਣਾਅ ਪੂਰਨ ਹਾਲਤ ਬਣ ਗਏ ਹਨ। ਸੇਮ ਨਾਲੀ ਦੇ ਕੰਢੇ ਨਾਲ ਲੱਗਦਾ ਰਸਤਾ ਖੇਤ ਵਿੱਚ ਮਿਲਾਉਣ ਦਾ ਮੌਕਾ ਦਿਖਾਉਂਦੇ ਹੋਏ ਜਗਦੀਸ਼ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਾਂ ਨੇ ਦੱਸਿਆ ਕਿ ਇਸ ਸੇਮ ਨਾਲੇ ਦੇ ਕੰਢੇ ਲਗਪਗ ਪੰਜਾਹ ਸਾਲ ਤੋਂ 11 ਫੁੱਟ ਦਾ ਰਸਤਾ ਹੈ, ਜੋ ਕਿ ਸੁਖਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਗੁੰਨੋਪੁਰ ਨੇ ਆਪਣੇ ਖੇਤ ਵਿੱਚ ਮਿਲਾ ਲਿਆ। ਉਨ੍ਹਾਂ ਦੇ ਰਾਹ ਵਾਹੁਣ ਤੋਂ ਬਾਅਦ ਜਗਦੀਸ਼ ਸਿੰਘ ਅਤੇ ਦੂਜੀਆਂ ਧਿਰਾਂ ਨੇ ਇਸ ਦੀ ਸ਼ਿਕਾਇਤ ਥਾਣਾ ਭੈਣੀ ਮੀਆਂ ਖਾਂ ਦੀ ਪੁਲੀਸ ਅਤੇ ਡਰੇਨ ਵਿਭਾਗ ਨੂੰ ਕੀਤੀ ਸੀ, ਜਿਸ ਤੋਂ ਬਾਅਦ ਡਰੇਨ ਵਿਭਾਗ ਅਤੇ ਪੁਲੀਸ ਨੇ ਰਸਤੇ ਦਾ ਕਬਜ਼ਾ ਸੁਖਵਿੰਦਰ ਸਿੰਘ ਕੋਲੋਂ ਛੁਡਵਾ ਲਿਆ ਸੀ। ਉਨ੍ਹਾਂ ਨੇ ਸੁਖਵਿੰਦਰ ਸਿੰਘ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਨੇ ਆਪਣੇ ਸਿਆਸੀ ਰਸੂਖ਼ ਦੇ ਚੱਲਦਿਆਂ ਇਸ ਰਸਤੇ ਨੂੰ ਮੁੜ ਆਪਣੇ ਖੇਤ ਵਿੱਚ ਮਿਲਾ ਲਿਆ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਡੀਸੀ ਗੁਰਦਾਸਪੁਰ, ਐੱਸਐੱਸਪੀ ਗੁਰਦਾਸਪੁਰ ਡਰੇਨਜ਼ ਵਿਭਾਗ ਅਤੇ ਥਾਣਾ ਭੈਣੀਆਂ ਖਾਂ ਦੀ ਪੁਲੀਸ ਨੂੰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਇਸ ਸਮੱਸਿਆ ਦਾ ਹੱਲ ਮੰਗਿਆ ਹੈ। ਉਧਰ ਇਸ ਸਬੰਧੀ ਜਦੋਂ ਦੂਸਰੀ ਧਿਰ ਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਜ਼ਮੀਨ ਜਗਦੀਸ਼ ਪੁੱਤਰ ਪਿਆਰਾ ਸਿੰਘ ਕੋਲੋਂ ਖ਼ਰੀਦੀ ਸੀ ਤੇ ਆਪਣਾ ਬਣਦਾ ਰਕਬਾ ਹੀ ਆਪਣੇ ਕਬਜ਼ੇ ਵਿੱਚ ਲਿਆ ਹੈ। ਦੂਜੀ ਧਿਰ ਵੱਲੋਂ ਲਗਾਏ ਦੋਸ਼ ਬੇਬੁਨਿਆਦ ਹਨ। ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਤਣਾਅ ਪੈਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।