ਜਤਿੰਦਰ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 25 ਜੁਲਾਈ
ਇਥੇ ਨੈਰੋਲੈਕ ਪੇਂਟਸ ਫੈਕਟਰੀ (ਕੰਨਸਈ) ਵਿੱਚ ਮੈਟੀਰੀਅਲ ਦੀ ਢੋਆ-ਢੁਆਈ ਨੂੰ ਲੈ ਕੇ ਗੋਇੰਦਵਾਲ ਸਾਹਿਬ ਦੀ ਟਰੱਕ ਐਸੋਸੀਏਸ਼ਨ ਅਤੇ ਢੋਆ-ਢੁਆਈ ਦੇ ਟੈਂਡਰ ਹੋਲਡਰ ਆਹਮੋ-ਸਾਹਮਣੇ ਦਿਖਾਈ ਦੇ ਰਹੇ ਹਨ। ਇਸ ਦੇ ਮੱਦੇਨਜ਼ਰ ਟਰੱਕ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਦਵਿੰਦਰ ਸਿੰਘ ਰੰਧਾਵਾ ਨੇ ਅੱਜ ਟੈਂਡਰ ਹੋਲਡਰ ਦੇ ਟਰੱਕਾਂ ਨੂੰ ਫੈਕਟਰੀ ਅੰਦਰ ਜਾਣ ਤੋਂ ਰੋਕਦਿਆਂ ਨੈਰੋਲੈਕ ਪੇਂਟਸ ਫੈਕਟਰੀ ਦੇ ਮੁੱਖ ਗੇਟ ’ਤੇ ਦੇਰ ਰਾਤ ਧਰਨਾ ਲਾ ਦਿੱਤਾ। ਦੂਜੇ ਪਾਸੇ ਢੋਆ-ਢੁਆਈ ਦਾ ਕੰਮ ਕਰ ਰਹੇ ਟੈਂਡਰ ਹੋਲਡਰ ਨਿਰਮਲ ਸਿੰਘ ਰੰਧਾਵਾ ਤੇ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੀ ਟਰਾਂਸਪੋਰਟ ਕੰਪਨੀ ਨੇ ਨੈਰੋਲੈਕ ਪੇਂਟਸ ਫੈਕਟਰੀ ਦੇ ਮੈਟੀਰੀਅਲ ਦੀ ਢੋਆ-ਢੁਆਈ ਦਾ ਟੈਂਡਰ ਲਿਆ ਹੈ। ਜਿਸ ਦੇ ਚੱਲਦਿਆਂ ਕੰਪਨੀ ਵੱਲੋਂ ਅੱਜ ਉਨ੍ਹਾਂ ਕੋਲੋਂ 15 ਗੱਡੀਆਂ ਦੀ ਮੰਗ ਕੀਤੀ ਗਈ ਸੀ, ਪਰ ਕੁੱਝ ਲੋਕ ਟਰੱਕ ਐਸੋਸੀਏਸ਼ਨ ਦੇ ਨਾਂ ਹੇਠ ਗੁੰਡਾਗਰਦੀ ਕਰਦੇ ਹੋਏ ਉਨ੍ਹਾਂ ਦੀਆਂ ਗੱਡੀਆਂ ਮਾਲ ਭਰਨ ਤੋਂ ਰੋਕ ਰਹੇ ਹਨ। ਕਿਉਂਕਿ ਉਕਤ ਲੋਕ ਟਰੱਕ ਯੂਨੀਅਨ ਦੀ ਆੜ ਵਿੱਚ ਪ੍ਰਤੀ ਟਰੱਕ ਗੁੰਡਾ ਟੈਕਸ ਦੀ ਮੰਗ ਕਰ ਰਹੇ ਹਨ ਜਿਨ੍ਹਾਂ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਮੌਕੇ ’ਤੇ ਪਹੁੰਚੀ ਪੁਲੀਸ ਨੇ ਟਕਰਾਅ ਦੀ ਸਥਿਤੀ ਨੂੰ ਦੇਖਦਿਆਂ ਦੋਹਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਸਿਰੇ ਨਹੀਂ ਚੜ੍ਹ ਸਕੀ। ਇਸ ਦੇ ਚੱਲਦਿਆਂ ਟਰੱਕ ਐਸੋਸੀਏਸ਼ਨ ਨੇ ਧਰਨਾ ਜਾਰੀ ਰੱਖਦਿਆਂ ਟਰੱਕਾਂ ਨੂੰ ਫੈਕਟਰੀ ਅੰਦਰ ਨਹੀਂ ਜਾਣ ਦਿੱਤਾ। ਟਰੱਕ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਟੈਂਡਰ ਹੋਲਡਰਾਂ ’ਤੇ ਦੋਸ਼ ਲਗਾਇਆ ਕਿ ਉਕਤ ਲੋਕ ਕੰਪਨੀ ਦੀ ਮੰਗ ’ਤੇ ਘੱਟ ਰੇਟਾਂ ’ਤੇ ਬਾਹਰੋਂ ਗੱਡੀਆਂ ਮੰਗਵਾ ਕੇ ਲੋਕਲ ਟਰਾਂਸਪੋਰਟਾਂ ਨਾਲ ਧੱਕਾ ਕਰ ਰਹੇ ਹਨ ਅਤੇ ਕੰਪਨੀ ਕੋਲੋਂ ਮੋਟੇ ਪੈਸੇ ਲੈ ਰਹੇ ਹਨ। ਇਸ ਨਾਲ ਲੋਕਲ ਟਰੱਕ ਅਪਰੇਟਰਾਂ ਨਾਲ ਧੱਕਾ ਹੋ ਰਿਹਾ ਹੈ। ਉਨ੍ਹਾਂ ਗੁੰਡਾ ਟੈਕਸ ਵਸੂਲਣ ਦੇ ਦੋਸ਼ਾਂ ਨੂੰ ਵੀ ਨਕਾਰਿਆ ਤੇ ਕਿਹਾ ਕਿ ਮਸਲੇ ਦੇ ਹੱਲ ਤੱਕ ਧਰਨਾ ਜਾਰੀ ਰਹੇਗਾ।
ਅਣਪਛਾਤਿਆਂ ਖ਼ਿਲਾਫ਼ ਕੇਸ
ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਟੈਂਡਰ ਹੋਲਡਰ ਨਿਰਮਲ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।