ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 27 ਅਪਰੈਲ
ਕਸਬਾ ਖਡੂਰ ਸਾਹਿਬ ਅਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਤਹਿਸੀਲਦਾਰਾਂ ਦੀਆਂ ਲਗਾਤਾਰ ਚੱਲ ਰਹੀਆਂ ਛੁੱਟੀਆਂ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਆਮ ਲੋਕ ਰੋਜ਼ਾਨਾ ਤਹਿਸੀਲਾਂ ਵਿਚ ਆਪਣੇ ਕੰਮ ਕਰਵਾਉਣ ਲਈ ਗੇੜੇ ਮਾਰ ਬੇਰੰਗ ਮੁੜ ਰਹੇ ਹਨ ਜਿਨ੍ਹਾਂ ਨੂੰ ਪਿੱਛਲੇ ਇੱਕ ਮਹੀਨੇ ਤੋਂ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਈ ਅਧਿਕਾਰੀ ਮੈਡੀਕਲ ਛੁੱਟੀ ’ਤੇ ਚੱਲ ਰਹੇ ਹਨ ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ। ਗੋਇੰਦਵਾਲ ਸਾਹਿਬ ਤਹਿਸੀਲ ਵਿੱਚ ਮੈਰਿਜ ਸਰਟੀਫਿਕੇਟ ਲਈ ਤਹਿਸੀਲਦਾਰ ਦੇ ਹਸਤਾਖਰ ਕਰਵਾਉਣ ਪੁੱਜੇ ਵਰਿੰਦਰ ਸਿੰਘ ਨੇ ਆਖਿਆ ਕਿ ਉਹ ਪਿਛਲੇ ਦੋ ਹਫ਼ਤੇ ਤੋਂ ਰੋਜ਼ਾਨਾ ਗੇੜੇ ਮਾਰ ਰਿਹਾ ਹੈ ਅਤੇ ਨਾ ਤਾਂ ਰੀਡਰ ਵੱਲੋਂ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਨਾ ਹੀ ਤਹਿਸੀਲਦਾਰ ਮਿਲ ਰਹੇ ਹਨ। ਹਰ ਵਾਰ ਅਧਿਕਾਰੀ ਕੋਈ ਨਾ ਕੋਈ ਨਵਾ ਬਹਾਨਾ ਬਣਾ ਕੇ ਟਾਲ ਮਟੋਲ ਕਰ ਰਹੇ ਹਨ। ਗੁਰਜੀਤ ਸਿੰਘ, ਰਣਜੀਤ ਸਿੰਘ, ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਜ਼ਰੂਰੀ ਕਾਗਜ਼ਾਤ ਤਸਦੀਕ ਕਰਵਾਉਣੇ ਹਨ ਪਰ ਇਕ ਮਹੀਨੇ ਤੋਂ ਵਧ ਸਮੇਂ ਤੋਂ ਗੇੜੇ ਮਾਰ ਰਹੇ ਹਨ। ਤਹਿਸੀਲ ਕੰਪਲੈਕਸ ਵਿਖੇ ਕੰਮ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਇਸ ਤਹਿਸੀਲ ਨਾਲ ਜੁੜੇ ਦੋ ਦਰਜਨ ਪਿੰਡਾਂ ਦੇ ਲੋਕ ਤਹਿਸੀਲਦਾਰ ਨਾ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਸੂਤਰਾਂ ਦੇ ਹਵਾਲੇ ਮੁਤਾਬਿਕ ਤਹਿਸੀਲ ਕੰਪਲੈਕਸ ਵਿਖੇ ਤਾਇਨਾਤ ਏਜੰਟਾਂ ਦੇ ਕੰਮ ਬਾਦਸਤੂਰ ਜਾਰੀ ਹਨ ਪਰ ਹਰ ਕੰਮ ਦੀ ਫੀਸ ਵਿਚ ਵਾਧਾ ਜ਼ਰੂਰ ਕਰ ਦਿੱਤਾ ਗਿਆ ਹੈ। ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਮਨੀਸ਼ ਕੁਮਾਰ ਨੇ ਦੱਸਿਆ ਕਿ ਜਲਦੀ ਹੀ ਕਿਸੇ ਤਹਿਸੀਲਦਾਰ ਦੀ ਨਿਯੁਕਤੀ ਕੀਤੀ ਜਾਏਗੀ ਤਾਂ ਜੋ ਲੋਕਾਂ ਨੂੰ ਤਹਿਸੀਲ ਨਾਲ ਜੁੜੀਆਂ ਮੁਸ਼ਕਿਲਾ ਪੇਸ਼ ਨਾ ਆਉਣ।
ਕੀ ਕਹਿੰਦੇ ਨੇ ਵਿਧਾਇਕ
ਮਾਮਲੇ ਸਬਧੀ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਮਸਲਾ ਹੁਣੇ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਇਸ ਮੁਸ਼ਕਲ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਲੋਕਾ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ।