ਪਠਾਨਕੋਟ: ਪਠਾਨਕੋਟ ਦੇ ਗਾੜੀ ਅਹਾਤਾ ਚੌਕ ਵਿੱਚ ਅੱਜ ਸਥਾਨਕ ਦੁਕਾਨਦਾਰਾਂ ਨੇ ਇੱਕ ਨੌਜਵਾਨ ਨੂੰ ਦੁਕਾਨ ਦੇ ਬਾਹਰ ਰੱਖੇ ਤੇਲ ਦੇ ਟੀਨ ਚੋਰੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਜਦ ਕਿ ਉਸ ਦਾ ਇੱਕ ਸਾਥੀ ਭੱਜਣ ਵਿੱਚ ਸਫਲ ਹੋ ਗਿਆ। ਦੁਕਾਨਦਾਰ ਜਤਿਨ ਨੇ ਦੱਸਿਆ ਕਿ ਜਦ ਦੁਕਾਨ ਵਿੱਚ ਗਾਹਕ ਹੁੰਦੇ ਹਨ ਤਾਂ ਇਹ ਨੌਜਵਾਨ ਆਉਂਦੇ ਹਨ ਅਤੇ ਬਾਹਰ ਲੱਗਾ ਸਾਮਾਨ ਚੋਰੀ ਕਰਕੇ ਲੈ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਇਹ ਇਥੋਂ ਸਾਮਾਨ ਚੋਰੀ ਕਰਕੇ ਲੈ ਗਏ ਸਨ। ਉਸ ਨੇ ਅੱਗੇ ਕਿਹਾ ਕਿ ਅੱਜ ਵੀ ਇਹ ਆਏ ਤਾਂ ਉਨ੍ਹਾਂ ਇੱਕ ਨੌਜਵਾਨ ਨੂੰ ਤੇਲ ਦਾ ਟੀਨ ਚੁੱਕਦੇ ਸਮੇਂ ਰੰਗੇ ਹੱਥੀਂ ਫੜ ਲਿਆ ਜਦ ਕਿ ਦੂਸਰਾ ਨੌਜਵਾਨ ਭੱਜ ਗਿਆ। ਫੜੇ ਗਏ ਨੌਜਵਾਨ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਉਹ ਸਮਾਨ ਚੋਰੀ ਕਰਦੇ ਹਨ। ਨੌਜਵਾਨ ਨੇ ਦੱਸਿਆ ਕਿ ਉਹ ਇੱਥੋਂ ਸਮਾਨ ਚੋਰੀ ਕਰਕੇ ਡਮਟਾਲ ਵਿੱਚ ਵੇਚ ਦਿੰਦੇ ਹਨ। ਦੁਕਾਨਦਾਰਾਂ ਨੇ ਉਕਤ ਨੌਜਵਾਨ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। -ਪੱਤਰ ਪ੍ਰੇਰਕ