ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 5 ਅਗਸਤ
ਅੱਜ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਧਾਰੀਵਾਲ ਇਲਾਕੇ ਵਿੱਚ ਜੀਟੀਯੂ ਆਗੂਆਂ ਅਤੇ ਹੋਰ ਅਧਿਆਪਕਾਂ ਵਲੋਂ ਆਪੋ ਆਪਣੇ ਘਰਾਂ ਅਤੇ ਘਰਾਂ ਦੀਆਂ ਛੱਤਾਂ ਉੱਪਰ ਚੜ੍ਹ ਕੇ ਕਾਲੇ ਝੰਡੇ ਲਹਿਰਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਕੁਲਦੀਪ ਪੂਰੋਵਾਲ, ਬਲਾਕ ਧਾਰੀਵਾਲ ਦੇ ਪ੍ਰਧਾਨ ਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਰੰਧਾਵਾ ਅਤੇ ਪ੍ਰਧਾਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨਾਲ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਪਹਿਲਾਂ ਤੋਂ ਮਿਲ ਰਹੀਆਂ ਸਹੂਲਤਾਂ ਵੀ ਅਧਿਆਪਕਾਂ ਤੋਂ ਖੋਹੀਆਂ ਜਾ ਰਹੀਆਂ ਹਨ। ਆਗੂਆਂ ਦੱਸਿਆ ਕਿ ਅੱਜ ਪੰਜਾਬ ਭਰ ਵਿੱਚ ਅਧਿਆਪਕਾਂ ਵੱਲੋਂ ਘਰਾਂ ਦੀਆਂ ਛੱਤਾਂ ਤੇ ਕਾਲੇ ਝੰਡੇ ਲਹਿਰਾ ਕੇ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਅਧਿਆਪਕਾਂ ਨੂੰ ਪੱਕਿਆਂ ਕਰਨ ਦੇ ਨਾਲ ਅਧਿਆਪਕਾਂ ਦੀਆਂ ਬਾਕੀ ਦੀਆਂ ਮੰਗਾਂ ਵੀ ਮੰਨੀਆਂ ਜਾਣ।
ਅਜਨਾਲਾ (ਪੱਤਰ ਪ੍ਰੇਰਕ): ਸਾਂਝਾ ਮੰਚ ਪੰਜਾਬ ਅਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ, ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਨੇ ਅੱਜ ਸਾਂਝੇ ਤੌਰ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਪਟਨ ਸਰਕਾਰ ਦਾ ਸ਼ਹਿਰ ਅੰਦਰ ਪੁਤਲਾ ਫੂਕਿਆ। ਅੰਦੋਲਨਕਾਰੀਆਂ ਦੀ ਅਗਵਾਈ ਕਨਵੀਨਰ ਹਰਜਿੰਦਰਪਾਲ ਸਿੰਘ ਪਨੂੰ ਤੇ ਗੁਰਪ੍ਰੀਤ ਸਿੰਘ ਰਿਆੜ ਨੇ ਕੀਤੀ। ਈਟੀਟੀ ਯੂਨੀਅਨ ਦੇ ਸੂਬਾ ਪ੍ਰਚਾਰ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਮੁਲਾਜ਼ਮਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਪਰਮਬੀਰ ਸਿੰਘ ਰੋਖੇ, ਪ੍ਰਭਜਿੰਦਰ ਸਿੰਘ, ਲਖਵਿੰਦਰ ਸਿੰਘ, ਸਤਨਾਮ ਸਿੰਘ ਜਸੜ, ਰਜਿੰਦਰ ਸਿੰਘ ਰਾਜਾਸਾਂਸੀ, ਦਿਲਬਰਜੀਤ ਸਿੰਘ ਵਿਛੋਆ, ਬਲਜੀਤ ਸਿੰਘ ਧਾਰੀਵਾਲ ਆਦਿ ਹਾਜ਼ਰ ਸਨ।