ਪੱਤਰ ਪ੍ਰੇਰਕ
ਪਠਾਨਕੋਟ, 8 ਜੁਲਾਈ
ਮਾਸਟਰ ਕਾਡਰ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਗੇਟ ਰੈਲੀ ਕਰਨ ਉਪਰੰਤ ਵਿੱਤ ਮੰਤਰੀ ਦਾ ਪੁਤਲਾ ਸਾੜਿਆ ਗਿਆ। ਉਨ੍ਹਾਂ ਪੰਜਾਬ ਸਰਕਾਰ ਅਤੇ ਖਜ਼ਾਨਾ ਮੰਤਰੀ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਪਵਨ ਸ਼ਰਮਾ, ਨਰੇਸ਼ ਸੈਣੀ, ਲਲਿਤ ਤ੍ਰੇਹਨ, ਵਿਵੇਕ ਗੁਪਤਾ, ਵਿੱਤ ਸਕੱਤਰ ਰਾਕੇਸ਼ ਮਹਾਜਨ, ਵਿਕਰਮ ਬੈਂਸ, ਹੇਮ ਰਾਜ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ ਅਤੇ ਜਨਰਲ ਸਕੱਤਰ ਰਾਕੇਸ਼ ਸ਼ਰਮਾ ਨੇ ਕਿਹਾ ਕਿ ਤਨਖਾਹ ਕਮਿਸ਼ਨ ਵਲੋਂ ਕੀਤੀ ਗਈ ਸਿਫਾਰਸ਼ ਦੇ ਬਾਵਜੂਦ ਮਾਸਟਰ ਕਾਡਰ ਅਧਿਆਪਕਾਂ ਨੂੰ 2.25 ਦੇ ਨਾਲ ਗੁਣਾ ਕਰਕੇ ਤਨਖਾਹ ਫਿਕਸ ਕਰਨ ਦੀ ਨੋਟੀਫੀਕੇਸ਼ਨ ਵਿੱਤ ਵਿਭਾਗ ਵਲੋਂ ਜਾਰੀ ਕੀਤੀ ਗਈ ਹੈ ਜੋ ਕਿ ਅਧਿਆਪਕ ਵਰਗ ਨਾਲ ਸਰਾਸਰ ਧੱਕਾ ਹੈ।
ਧਾਰੀਵਾਲ (ਪੱਤਰ ਪ੍ਰੇਰਕ): ਇੱਥੇ ਅੱਜ ਸਾਂਝੇ ਅਧਿਆਪਕ ਮੋਰਚੇ ਦੇ ਸੱਦੇ ਤੇ ਧਾਰੀਵਾਲ ਬਲਾਕ ਦੇ ਅਧਿਆਪਕਾਂ ਨੇ ਪੇਅ ਕਮਿਸ਼ਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਕੁਲਦੀਪ ਪੂਰੋਵਾਲ, ਬਲਵਿੰਦਰ ਰਾਜ, ਅਨਿਲ ਕੁਮਾਰ, ਸੁਖਵਿੰਦਰ ਸਿੰਘ ਰੰਧਾਵਾ,ਵਿਜੇ ਲੂਣਾ ਨੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ।
ਅਟਾਰੀ (ਪੱਤਰ ਪ੍ਰੇਰਕ): ਸਾਂਝੇ ਅਧਿਆਪਕ ਮੋਰਚੇ ਦੇ ਸੱਦੇ ’ਤੇ ਅੱਜ ਅਟਾਰੀ ਬਲਾਕ ਦੇ ਸਕੂਲਾਂ ਵਿੱਚ ਮੁਕੰਮਲ ਪੈੱਨ ਡਾਊਨ ਹੜਤਾਲ ਕਰਨ ਉਪਰੰਤ ਸਕੂਲਾਂ ਵਿੱਚ ਪੇਅ ਕਮਿਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਬਾਅਦ ਦੁਪਹਿਰ ਰਣੀਕੇ ਮੋੜ ਵਿੱਚ ਕਨਵੀਨਰ ਬਲਜਿੰਦਰ ਸਿੰਘ ਵਡਾਲੀ ਦੀ ਪ੍ਰਧਾਨਗੀ ਹੇਠ ਰੋਸ ਮੁਜ਼ਾਹਰਾ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਫਿਲੌਰ (ਪੱਤਰ ਪ੍ਰੇਰਕ) : ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਰਜ਼ ਸਾਂਝਾ ਫਰੰਟ ਵੱਲੋਂ ਦਿੱਤੇ ਸੱਦੇ ਮੁਤਾਬਿਕ ਅੱਜ ਕਲਮ ਛੋੜ ਹੜਤਾਲ ਨੂੰ ਸਫ਼ਲ ਬਣਾਉਣ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਅਧਿਆਪਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਤੇ ਸਕੂਲਾਂ ‘ਚ ਕਲਮ ਛੋੜ ਹੜਤਾਲ਼ ਕਰਨ ਉਪਰੰਤ ਛੇਵੇਂ ਤਨਖਾਹ ਕਮਿਸ਼ਨ ਦੇ ਮਾਰੂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਨੇ ਸੰਬੋਧਨ ਕੀਤਾ।
ਕਾਦੀਆਂ (ਪੱਤਰ ਪ੍ਰੇਰਕ): ਅੱਜ ਸਾਂਝੇ ਮੋਰਚਾ ਦੇ ਸੱਦੇ ਤੇ ਕਾਦੀਆਂ ਤਹਿਸੀਲ ਵਿੱਚ ਅਧਿਆਪਕਾਂ ਵੱਲੋਂ ਚੰਡੀਗੜ੍ਹ ਵਿੱਚ 22 ਦਿਨਾਂ ਤੋਂ ਪੱਕੇ ਕਰਨ ਦੀ ਮੰਗ ਨੂੰ ਲੈਕੇ ਚਲ ਰਹੇ ਸੰਘਰਸ਼ ਦੇ ਪੱਖ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇੱਸ ਮੌਕੇ ਪੇਅ ਕਮਿਸ਼ਨ ਦੀ ਕਾਪੀਆਂ ਸਾੜੀਆਂ ਗਈਆਂ। ਇੱਸ ਮੌਕੇ ਗੁਰਿੰਦਰ ਸਿੰਘ, ਦਵਿੰਦਰ ਸਿੰਘ ਸ਼ਾਹ ਨੇ ਅਧਿਆਪਕਾਂ ਨਾਲ ਕੁਟਮਾਰ ਕਰਨ ਦੀ ਨਿੰਦਾ ਕੀਤੀ।