ਗੁਰਬਖਸ਼ਪੁਰੀ
ਤਰਨ ਤਾਰਨ, 15 ਦਸੰਬਰ
ਜ਼ਿਲ੍ਹੇ ਭਰ ’ਚ ਅਧਿਆਪਕਾਂ ਨੇ ਸਕੂਲਾਂ ਅੰਦਰ ਭੱਤੇ ਬੰਦ ਕਰਨ ਬਾਰੇ ਜਾਰੀ ਸਰਕਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ| ਅਧਿਆਪਕ ਆਗੂ ਨਛੱਤਰ ਸਿੰਘ, ਕਸ਼ਮੀਰ ਸਿੰਘ ਚੋਹਲਾ, ਦਿਲਬਾਗ ਸਿੰਘ, ਪ੍ਰਤਾਪ ਸਿੰਘ ਠੱਠਗੜ੍ਹ, ਕੰਵਰਦੀਪ ਸਿੰਘ ਢਿੱਲੋਂ, ਅੰਗਰੇਜ਼ ਸਿੰਘ, ਰਾਜਬੀਰ ਸਿੰਘ ਜਲਾਲਾਬਾਦ ਸਮੇਤ ਹੋਰਨਾਂ ਨੇ ਅਧਿਆਪਕਾਂ ਨੂੰ ਸੰਬੋਧਨ ਕੀਤਾ। ਅਧਿਆਪਕਾਂ ਨੇ ਤਰਨ ਤਾਰਨ, ਅਲਾਦੀਨਪੁਰ, ਮਾਨੋਚਾਹਲ ਕਲਾਂ, ਠਰੂ, ਪਲਾਸੋਰ ਕਸੂਰ ਨਾਲਾ, ਅਲਾਦੀਨਪੁਰ, ਚੋਹਲਾ ਸਾਹਿਬ ਤੇ ਮੀਆਂਵਿੰਡ ਸਕੂਲਾਂ ਵਿੱਚ ਵਿਖਾਵੇ ਕੀਤੇ ਅਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ|
ਅੰਮ੍ਰਿਤਸਰ (ਮਨਮੋਹਨ ਸਿੰਘ): ਅਧਿਆਪਕਾਂ ਅਤੇ ਸਕੂਲਾਂ ਦੇ ਹੋਰ ਮੁਲਾਜ਼ਮਾਂ ਨੇ ਸਕੂਲਾਂ ਅੱਗੇ ਮੁਲਾਜ਼ਮ ਮਾਰੂ ਪੱਤਰ ਸਾੜ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ 19 ਦਸੰਬਰ ਦੀ ਸਾਂਝੇ ਫਰੰਟ ਦੀ ਰੈਲੀ ਦਾ ਹਿੱਸਾ ਬਣ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਵੀ ਕੀਤਾ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਸੂਬਾ ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ, ਜ਼ਿਲ੍ਹਾ ਜਨਰਲ ਸਕੱਤਰ ਹੰਸ ਰਾਜ ਅਤੇ ਇੰਦਰ ਸੁਖਦੀਪ ਸਿੰਘ ਓਢਰਾ ਦੀ ਅਗਵਾਈ ਹੇਠ ਸਕੂਲਾਂ ਦੇ ਬਾਹਰ ਮੁਲਾਜ਼ਮ ਮਾਰੂ ਪੱਤਰ ਸਾੜ ਕੇ ਮੁਜ਼ਾਹਰੇ ਕੀਤੇ ਗਏ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਧਾਰੀਵਾਲ ਬਲਾਕ ਦੇ ਸਰਕਾਰੀ ਸਕੂਲਾਂ ਲੱਖਣ ਕਲਾਂ, ਕਲੇਰ, ਸੰਘਰ ਵਿੱਚ ਕੁਲਦੀਪ ਪੂਰੋਵਾਲ, ਦਿਲਦਾਰ ਭੰਡਾਲ, ਬਲਵਿੰਦਰ ਰਾਜ ਤੇ ਅਨਿਲ ਕੁਮਾਰ ਦੀ ਅਗਵਾਈ ਵਿੱਚ ਸਕੂਲਾਂ ਅੱਗੇ ਮੁਲਾਜ਼ਮ ਮਾਰੂ ਪੱਤਰ ਸਾੜ ਕੇ ਪ੍ਰਦਰਸ਼ਨ ਕੀਤਾ।
ਸੁਲਤਾਨਪੁਰ ਲੋਧੀ (ਨਿੱਜੀ ਪੱਤਰ ਪ੍ਰੇਰਕ): ਅਧਿਆਪਕ ਰਾਜ ਗੱਠਜੋੜ ਦੇ ਹੁਕਮਾਂ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਵੋਟਾਂ ਤੋਂ ਐਨ ਪਹਿਲਾਂ ਮੁਲਾਜ਼ਮਾਂ ਦੇ ਹੱਕਾਂ ’ਤੇ ਡਾਕਾ ਮਾਰ ਕੇ ਸਰਕਾਰ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ।
ਸ਼ਾਹਕੋਟ (ਗੁਰਮੀਤ ਖੋਸਲਾ): ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਅਤੇ ਸਿੱਖਿਆ ਵਿਭਾਗ ਦੀ ਮਨਿਸਟੀਰੀਅਲ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਏਸੀਪੀ ਅਤੇ ਕਈ ਭੱਤੇ ਬੰਦ ਕਰਨ ਵਾਲੇ ਪੱਤਰਾਂ ਦੀਆਂ ਕਾਪੀਆਂ ਸਾੜੀਆਂ। ਜਾਣਕਾਰੀ ਮੁਤਾਬਕ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਜਵਾ ਕਲਾਂ ਦੇ ਅਧਿਆਪਕਾਂ ਨੇ ਡੀਟੀਐੱਫ ਦੀ ਅਗਵਾਈ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਾਹਕੋਟ-1 ਦੇ ਕਲੈਰੀਕਲ ਕਾਮਿਆਂ ਨੇ ਮਨਿਸਟੀਰੀਅਲ ਯੂਨੀਅਨ ਦੀ ਅਗਵਾਈ ਹੇਠ ਕਾਪੀਆਂ ਸਾੜੀਆਂ। ਇਸ ਮੌਕੇ ਉਨ੍ਹਾਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਵੀ ਕੀਤਾ।