ਦਲਬੀਰ ਸੱਖੋਵਾਲੀਆ
ਬਟਾਲਾ, 14 ਅਗਸਤ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਧਰਮਕੋਟ ਅਤੇ ਜਨਰਲ ਸਕੱਤਰ ਬਲਵਿੰਦਰ ਰਾਜ ਧਾਰੀਵਾਲ ਦੀ ਅਗਵਾਈ ਹੇਠ ਬਟਾਲਾ ਵਿੱਚ ਹੰਗਾਮੀ ਮੀਟਿੰਗ ਕੀਤੀ ਗਈ। ਇਸ ਦੌਰਾਨ ਯੂਨੀਅਨ ਆਗੂਆਂ ਨੇ ਕੁਝ ਮਤੇ ਪਾਸ ਕੀਤੇ। ਸੂਬਾਈ ਆਗੂ ਸੁਖਰਾਜ ਸਿੰਘ ਕਾਹਲੋਂ ਅਤੇ ਗੁਰਿੰਦਰ ਸਿੰਘ ਸਿੱਧੂ ਸਮੇਤ ਹੋਰ ਵੀ ਹਾਜ਼ਰ ਹੋਏ। ਧਰਮਕੋਟ ਨੇ ਕਿਹਾ ਕਿ ਸਰਕਾਰ ਵੱਲੋਂ ਸਾਜਿਸ਼ ਤਹਿਤ 1904 ਹੈੱਡ ਟੀਚਰਾਂ ਦੀਆਂ ਪੋਸਟਾਂ ਖਤਮ ਕਰ ਦਿੱਤੀਆਂ, ਜਦੋਂ ਕਿ ਲੰਘੇ ਪੰਜ ਸਾਲਾਂ ਤੋਂ ਹੈੱਡ ਟੀਚਰਾਂ, ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਵੀ ਲਟਕਾਈਆਂ ਜਾ ਰਹੀਆਂ ਹਨ। ਸਿੱਧੂ ਨੇ ਕਿਹਾ ਕਿ ਰੈਸਨੇਲਾਈਜੇਸ਼ਨ ਦੀ ਆੜ ਹੇਠ ਅਧਿਆਪਕਾਂ ਦੀਆਂ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ ਅਤੇ ਬੱਚਿਆਂ ਦੀ ਘੱਟ ਗਿਣਤੀ ਦੇ ਹਵਾਲੇ ਦੇ ਕੇ ਸਕੂਲ ਬੰਦ ਕਰਨ ਦੇ ਫ਼ੈਸਲੇ ਲਏ ਜਾ ਰਹੇ ਹਨ। ਇਸ ਮੌਕੇ ਸਮੂਹ ਅਧਿਆਪਕਾਂ ਵੱਲੋਂ ਸਰਕਾਰ ਤੋਂ ਮੰਗ ਕਰਦਿਆਂ ਮਤੇ ਪਾਸ ਕੀਤੇ ਗਏ। ਇਸ ਮੌਕੇ ਰਣਜੀਤ ਸਿੰਘ ਰਾਣਾ, ਤੇਜਿੰਦਰ ਸਿੰਘ ਬਾਠ, ਜਸਬੀਰ ਸਿੰਘ ਦੀਨਾਨਗਰ, ਗੁਰਜੀਤ ਸਿੰਘ ਧਿਆਨਪੁਰ, ਸਰਬਜੀਤ ਸਿੰਘ ਔਲਖ ਸਮੇਤ ਹੋਰ ਹਾਜ਼ਰ ਸਨ।