ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 4 ਫਰਵਰੀ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐਫ) ਅੰਮ੍ਰਿਤਸਰ ਇਕਾਈ ਵੱਲੋਂ ਦਿੱਤੇ ਸੂਬਾਈ ਸੱਦੇ ਤਹਿਤ ਅੱਜ ਵੱਖ-ਵੱਖ ਸਕੂਲਾਂ ਵਿੱਚ, ਆਨਲਾਈਨ ਦੀ ਥਾਂ ਹਕੀਕੀ ਸਿੱਖਿਆ ਦੇਣ ਲਈ ਵਿਦਿਆਰਥੀਆਂ ਨੂੰ ਬੁਲਾ ਕੇ ਸਕੂਲ ਖੋਲ੍ਹਣ ਦੀ ਹਮਾਇਤ ਵਿੱਚ, ਵੱਡੀ ਗਿਣਤੀ ਅਧਿਆਪਕਾਂ ਨੇ ਸੰਕਲਪ ਲਿਆ ਅਤੇ ਵਿੱਦਿਅਕ ਤਾਲਾਬੰਦੀ ਦੇ ਸਰਕਾਰੀ ਫ਼ੈਸਲੇ ਦੀਆਂ ਕਾਪੀਆਂ ਸਾੜ ਕੇ ਰੋਸ ਜ਼ਾਹਿਰ ਕੀਤਾ। ਇਸੇ ਤਰ੍ਹਾਂ 7 ਫਰਵਰੀ ਨੂੰ 32 ਕਿਸਾਨ ਜਥੇਬੰਦੀਆਂ ਦੇ ਫਰੰਟ ਵੱਲੋਂ ਪੰਜਾਬ ਭਰ ਵਿੱਚ ਐਲਾਨੇ ਦੋ ਘੰਟੇ ਦੇ ਚੱਕਾ ਜਾਮ ਵਿਚ ਅਧਿਆਪਕਾਂ ਨੇ ਵੀ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ।
ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਡੀਐਮਐਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਸਕੂਲ-ਕਾਲਜ ਬੰਦ ਰਹਿਣ ਕਾਰਨ ਪੇਂਡੂ ਖੇਤਰਾਂ ਅਤੇ ਸਾਧਨਹੀਣ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਉੱਪਰ ਬਹੁਤ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਾਜ਼ਾਰ, ਵੱਡੇ ਮਾਲ, ਆਈਲੈਟਸ ਸੈਂਟਰ ਤੇ ਸ਼ਰਾਬ ਦੇ ਠੇਕਿਆਂ ਨੂੰ ਖੁੱਲੇ ਰੱਖਿਆ ਹੈ। ਚੋਣ ਪ੍ਰੋਗਰਾਮਾਂ ਵਿੱਚ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਪਰ ਵਿਦਿਅਕ ਸੰਸਥਾਵਾਂ ਸਬੰਧੀ ਦੋਹਰੇ ਮਾਪਦੰਡ ਰੱਖੇ ਜਾ ਰਹੇ ਹਨ।
ਤਰਨ ਤਾਰਨ (ਗੁਰਬਖ਼ਸਪਰੀ): ਸੂਬਾ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਰੱਖਣ ਖ਼ਿਲਾਫ਼ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਵੱਲੋਂ ਅੱਜ ਜ਼ਿਲ੍ਹੇ ਦੇ ਕਈ ਸਕੂਲਾਂ ਅੰਦਰ ਰੋਸ ਦਿਖਾਵੇ ਕੀਤੇ ਗਏ। ਇਸ ਦੌਰਾਨ ਸਕੂਲਾਂ ਨੂੰ ਬੰਦ ਕਰਨ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਅਧਿਆਪਕਾਂ ਵੱਲੋਂ ਜ਼ਿਲ੍ਹੇ ਦੇ ਪਿੰਡ ਮਾਨੋਚਾਹਲ ਕਲਾਂ, ਜਵੰਦਾ ਕਲਾਂ, ਚੋਹਲਾ ਸਾਹਿਬ, ਅਲਾਦੀਨਪੁਰ ਆਦਿ ਸਕੂਲਾਂ ਅੰਦਰ ਦਿਖਾਵੇ ਕਰ ਕੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਬੁਲਾ ਕੇ ਪੜ੍ਹਾਈ ਕਰਵਾਉਣ ਦੀ ਮੰਗ ਕੀਤੀ| ਸਰਕਾਰ ਖਿਲਾਫ਼ ਇਨ੍ਹਾਂ ਦਿਖਾਵਿਆਂ ਵਿੱਚ ਮਹਿਲਾ ਅਧਿਆਪਕਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ|
ਇਸ ਮੌਕੇ ਨਛੱਤਰ ਸਿੰਘ ਤੋਂ ਇਲਾਵਾ ਕਸ਼ਮੀਰ ਸਿੰਘ ਸੰਧੂ, ਪ੍ਰਤਾਪ ਸਿੰਘ ਠਠਗੜ੍ਹ, ਕੰਵਰਦੀਪ ਸਿੰਘ ਢਿੱਲੋਂ ਸਣੇ ਹੋਰਨਾਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਕੂਲ-ਕਾਲਜ ਬੰਦ ਰਹਿਣ ਕਰ ਕੇ ਪੇਂਡੂ ਅਤੇ ਖ਼ਾਸ ਕਰ ਕੇ ਸਾਧਨਹੀਣ ਵਿਦਿਆਰਥੀਆਂ ਦੀ ਪੜ੍ਹਾਈ ਦਾ ਡਾਢਾ ਨੁਕਸਾਨ ਹੋ ਰਿਹਾ ਹੈ| ਆਗੂਆਂ ਨੇ ਕਿਹਾ ਕਿ ਸਕੂਲਾਂ ਦੇ ਲਗਾਤਾਰ ਬੰਦ ਰੱਖਣ ਕਰ ਕੇ ਕਈ ਬੱਚੇ ਆਪਣੀ ਪੜ੍ਹਾਈ ਛੱਡ ਗਏ ਹਨ| ਜਥੇਬੰਦੀ ਨੇ ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੇ ਫਰੰਟ ਵੱਲੋਂ ਸਕੂਲਾਂ ਨੂੰ ਖੁੱਲ੍ਹਵਾਉਣ ਲਈ 7 ਫਰਵਰੀ ਨੂੰ 2 ਘੰਟੇ ਦੇ ‘ਚੱਕਾ ਜਾਮ’ ਦਾ ਸਮਰਥਨ ਕਰਦਿਆਂ ਇਸ ਵਿੱਚ ਸ਼ਮੂਲੀਅਤ ਕਰਨ ਦਾ ਵੀ ਐਲਾਨ ਕੀਤਾ|
ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੱਤ ਨੂੰ ਹਾਈਵੇਅ ਕੀਤਾ ਜਾਵੇਗਾ ਜਾਮ: ਪੰਨੂੰ
ਅੰਮ੍ਰਿਤਸਰ: ਪੰਜਾਬ ਦੀਆਂ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸੱਤ ਫਰਵਰੀ ਨੂੰ 12 ਵਜੇ ਤੋਂ 2 ਵਜੇ ਤਕ ਪੰਜਾਬ ਭਰ ਦੀਆਂ ਸੜਕਾਂ ਉੱਪਰ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਕਰੋਨਾ ਦੇ ਬਹਾਨੇ ਹੇਠ ਪੰਜਾਬ ਦੇ ਵਿਦਿਆਰਥੀਆਂ ਦੀ ਜ਼ਿੰਦਗੀ ਤਬਾਹ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ। ਵਿਆਹਾਂ ਵਿੱਚ ਸੈਂਕੜੇ ਲੋਕ ਸ਼ਾਮਿਲ ਹੋ ਰਹੇ ਹਨ। 32 ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਸਕੂਲ/ਕਾਲਜ ਖੋਲ੍ਹੇ ਜਾਣ। ਵਿਦਿਆਰਥੀਆਂ ਦੀ ਪੜ੍ਹਾਈ ਤਬਾਹ ਹੋ ਰਹੀ ਹੈ। ਵਿਦਿਆਰਥੀਆਂ ਦੇ ਭਵਿੱਖ ਦਾ ਸਵਾਲ ਹੈ, ਇਸ ਕਰ ਕੇ ਸਕੂਲ, ਕਾਲਜ ਖੋਲ੍ਹੇ ਜਾਣ ਅਤੇ ਇਸੇ ਤਰ੍ਹਾਂ ਬੇਮੌਸਮੀ ਮੀਂਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ। ਜੇ ਸਰਕਾਰ ਤੁਰੰਤ ਇਹ ਮੰਗਾਂ ਨਹੀਂ ਮੰਨਦੀ ਤਾਂ 7 ਫਰਵਰੀ ਨੂੰ 12 ਵਜੇ ਤੋਂ 2 ਵਜੇ ਤਕ ਮੁੱਖ ਹਾਈਵੇਅ ’ਤੇ ਚੱਕਾ ਜਾਮ ਕੀਤਾ ਜਾਵੇਗਾ। ਸੰਘਰਸ਼ ਕਮੇਟੀ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਸਾਮਰਾਜ ਕੰਪਨੀਆਂ ਨੂੰ ਖ਼ਰਬਾਂ ਰੁਪਏ ਦੇ ਫ਼ਾਇਦੇ ਦੇਣ ਲਈ ਦੁਨੀਆਂ ਨੂੰ ਡਰਾਉਣ ਧਮਕਾਉਣ ਦੀ ਸਾਜਿਸ਼ ਘੜੀ ਜਾ ਰਹੀ ਹੈ। ਇਸ ਤਹਿਤ ਭਾਰਤ ਦੇ ਹਾਕਮਾਂ ਨੇ ਲੋਕਾਂ ਦੇ ਕਾਰੋਬਾਰ ਤਬਾਹ ਕਰ ਕੇ 12 ਕਰੋੜ ਲੋਕਾਂ ਦੇ ਰੁਜ਼ਗਾਰ ਖ਼ਤਮ ਕੀਤੇ ਤੇ ਦੂਜੇ ਪਾਸੇ ਕਾਰਪੋਰੇਟ ਕੰਪਨੀਆਂ ਦੇ 111 ਲੱਖ ਕਰੋੜ ਦੇ ਮੁਨਾਫ਼ੇ ਇਸ ਦੌਰ ਵਿੱਚ ਵਧੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਕੂਲ ਤੇ ਕਾਲਜ ਬੰਦ ਰੱਖੇ ਜਾ ਰਹੇ ਹਨ ਜਦੋਂਕਿ ਚੋਣਾਂ ਵਿੱਚ ਵੱਡੀਆਂ ਰੈਲੀਆਂ ਹੋ ਰਹੀਆਂ ਹਨ। ਸ਼ਰਾਬ ਦੇ ਠੇਕੇ, ਮਾਲ, ਸ਼ਾਦੀਆਂ ਆਦਿ ਉੱਤੇ ਕੋਈ ਰੋਕ ਨਹੀਂ ਹੈ। ਕਿਸਾਨ ਆਗੂਆਂ ਨੇ ਪੰਜਾਬ ਵਿਚ ਤੁਰੰਤ ਸਕੂਲ, ਕਾਲਜ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਜਥੇਬੰਦੀ ਦੀਆਂ ਜ਼ਿਲ੍ਹਾ ਤੇ ਜ਼ੋਨ ਇਕਾਈਆਂ ਡੀਸੀ ਤੇ ਐਸਡੀਐਮ ਨੂੰ ਮੰਗ ਪੱਤਰ ਦੇਣਗੀਆਂ ਤੇ ਸਬੰਧਿਤ ਦਫ਼ਤਰਾਂ ਅੱਗੇ ਧਰਨੇ ਲਾਉਣ ਦੀ ਰੂਪ-ਰੇਖਾ ਉਲੀਕਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦਾ ਭਵਿੱਖ ਤਬਾਹ ਕਰ ਰਹੀ ਹੈ। ਆਨਲਾਈਨ ਪੜ੍ਹਾਈ ਇਸ ਦਾ ਕੋਈ ਹੱਲ ਨਹੀਂ ਹੈ ਤੇ ਬੱਚੇ ਚਿੜਚਿੜੇ ਹੋ ਰਹੇ ਹਨ, ਬੱਚੇ ਘਰ ਬੈਠੇ ਹਨ ਤੇ ਵੱਡੀਆਂ ਫੀਸਾਂ ਸਕੂਲ, ਕਾਲਜ ਡੰਡੇ ਨਾਲ ਉਗਰਾਹ ਰਹੇ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਾਰੇ ਨਿੱਜੀ ਸਕੂਲ ਸਰਕਾਰੀ ਕੀਤੇ ਜਾਣ ਤੇ ਪਹਿਲੀ ਤੋਂ ਉੱਚ ਵਿੱਦਿਆ ਤਕ ਮੁਫ਼ਤ ਪੜ੍ਹਾਈ ਕਰਵਾਈ ਜਾਵੇ।
ਸਕੂਲ ਐਸੋਸੀਏਸ਼ਨਾਂ ਵੀ ਬੰਦ ’ਚ ਕਰਨਗੀਆਂ ਸ਼ਮੂਲੀਅਤ
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਸਕੂਲ ਐਸੋਸੀਏਸ਼ਨਾਂ ਨੇ ਸੱਤ ਫਰਵਰੀ ਨੂੰ ਕਿਸਾਨ ਯੂਨੀਅਨਾਂ ਵੱਲੋਂ ਕੀਤੇ ਜਾ ਰਹੇ ਚੱਕਾ ਜਾਮ ਨੂੰ ਸਮਰਥਨ ਦੇਣ ਲਈ ਸਥਾਨਕ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿੱਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਜੰਡਿਆਲਾ ਗੁਰੂ ਅਤੇ ਸੀਏਐਸਏ, ਸੀਬੀਐਸਈ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਸੱਤ ਫਰਵਰੀ ਦੇ ਰੋਡ ਜਾਮ ਨੂੰ ਪੂਰਨ ਸਮਰਥਨ ਦੇਣ ਦਾ ਪ੍ਰਣ ਲਿਆ ਗਿਆ ਹੈ, ਜਿੱਥੇ ਵੀ ਕਿਸਾਨ ਧਰਨਾ ਲਗਾਉਣਗੇ ਉਹ ਉਸ ਵਿਚ ਪੂਰਨ ਤੌਰ ’ਤੇ ਹਿੱਸਾ ਲੈਣਗੇ। ਇਸ ਮੀਟਿੰਗ ਵਿਚ ਪ੍ਰਿੰਸੀਪਲ ਮਨੋਹਰ ਵਾਟਿਕਾ ਸਕੂਲ, ਪ੍ਰਿੰਸੀਪਲ ਸੰਤ ਡੇਅ ਬੋਰਡਿੰਗ ਸਕੂਲ, ਸ੍ਰੀ ਹਰਗੋਬਿੰਦ ਸਕੂਲ ਤੇ ਹੋਰ ਕਈ ਸਕੂਲਾਂ ਦੇ ਪ੍ਰਿੰਸੀਪਲ ਨੇ ਭਾਗ ਲਿਆ।
ਜੈਂਤੀਪੁਰ (ਜਗਤਾਰ ਸਿੰਘ ਛਿੱਤ): ਰੈਕਗਨਾਈਜ਼ ਅਤੇ ਐਫ਼ੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਰਾਸਾ) ਦੀ ਤਹਿਸੀਲ ਬਾਬਾ ਬਕਾਲਾ ਯੂਨਿਟ ਦੀ ਮੀਟਿੰਗ ਤਹਿਸੀਲ ਪ੍ਰਧਾਨ ਪ੍ਰਿੰਸੀਪਲ ਗੁਰਜੀਤ ਸਿੰਘ ਵਡਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਮੰਗ ਕੀਤੀ ਗਈ ਕਿ ਨੌਂ ਤਾਰੀਖ਼ ਤੋਂ ਪੰਜਾਬ ਸਰਕਾਰ ਸਕੂਲ ਖੋਲ੍ਹਣ ਦਾ ਫ਼ੈਸਲਾ ਲਵੇ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ 7 ਤਰੀਕ ਦੇ ਚੱਕਾ ਜਾਮ ਦੀ ਹਮਾਇਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ।