ਪੱਤਰ ਪ੍ਰੇਰਕ
ਦੀਨਾਨਗਰ, 23 ਅਗਸਤ
ਪੰਜਾਬ ਟੈਕਸੀ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜਨ ਭੱਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਵੱਖ-ਵੱਖ ਬਲਾਕਾਂ ਦੇ ਪ੍ਰਧਾਨ ਅਤੇ ਪ੍ਰਮੁੱਖ ਅਹੁਦੇਦਾਰ ਸ਼ਾਮਲ ਹੋਏ। ਮੀਟਿੰਗ ਵਿੱਚ ਡਰਾਈਵਰਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ ਅਤੇ ਅਗਲੀ ਮੀਟਿੰਗ ’ਚ ਜ਼ਿਲ੍ਹੇ ਨਾਲ ਸਬੰਧਿਤ ਸਮੂਹ ਡਰਾਈਵਰਾਂ ਦਾ ਇਕੱਠ ਕਰ ਕੇ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਸੁਣਨ ਦਾ ਫ਼ੈਸਲਾ ਲਿਆ ਗਿਆ। ਜ਼ਿਲ੍ਹਾ ਪ੍ਰਧਾਨ ਰਾਜਨ ਭੱਲਾ ਨੇ ਕਿਹਾ ਕਿ ਸਫ਼ਰ ਦੌਰਾਨ ਡਰਾਈਵਰ ਵੀਰਾਂ ਨਾਲ ਕਈ ਵਾਰ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਦੇ ਬਚਾਅ ਲਈ ਸਮੂਹ ਡਰਾਈਵਰਾਂ ਨੂੰ ਸੁਚੇਤ ਅਤੇ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਡਰਾਈਵਰ ਗੱਡੀ ਲੈ ਕੇ ਬਾਹਰ ਜਾਂਦਾ ਹੈ ਤਾਂ ਉਹ ਸੇਫ਼ਟੀ ਲਈ ਸਵਾਰੀ ਦੀ ਪਛਾਣ ਆਪਣੇ ਘਰਦਿਆਂ ਨੂੰ ਕਰਵਾ ਕੇ ਜਾਵੇ ਅਤੇ ਰਾਤ ਦੇ ਵੇਲੇ ਰਸਤੇ ਵਿੱਚ ਕਿਸੇ ਵੀ ਅਣਜਾਣ ਵਿਅਕਤੀ ਨੂੰ ਲਿਫ਼ਟ ਦੇਣ ਦਾ ਰਿਸਕ ਨਾ ਲਵੇ। ਇਸੇ ਤਰ੍ਹਾਂ ਸਮੇਂ-ਸਮੇਂ ’ਤੇ ਪੁਲੀਸ ਪ੍ਰਸ਼ਾਸਨ ਨਾਲ ਵੀ ਰਾਬਤਾ ਕਾਇਮ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਲੋਡਿਡ ਗੱਡੀਆਂ ’ਚ ਸਵਾਰੀਆਂ ਲਿਜਾ ਕੇ ਕਾਨੂੰਨ ਦਾ ਉਲੰਘਣ ਕਰਨ ਵਾਲੇ ਡਰਾਈਵਰਾਂ ਖ਼ਿਲਾਫ਼ ਕਾਰਵਾਈ ਹਿੱਤ ਇਤਲਾਹ ਦਿੱਤੀ ਜਾਵੇ। ਇਸ ਦੌਰਾਨ ਸਮੂਹ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਈ। ਇਸ ਮੌਕੇ ਬਲਾਕ ਪ੍ਰਧਾਨ ਮਨਪ੍ਰੀਤ ਲੱਕੀ, ਚੇਅਰਮੈਨ ਸ਼ਮਸ਼ੇਰ ਵਿਰਕ, ਬਲਾਕ ਪ੍ਰਧਾਨ ਗੁਰਦਾਸਪੁਰ ਗੁਰਭੇਜ ਸਿੰਘ, ਬਲਾਕ ਪ੍ਰਧਾਨ ਬਟਾਲਾ ਰਮੇਸ਼ ਕੁਮਾਰ, ਮੀਤ ਪ੍ਰਧਾਨ ਸੁਖਰਾਜ, ਬਲਾਕ ਪ੍ਰਧਾਨ ਦੋਰਾਂਗਲਾ ਬਲਜੀਤ ਅਤੇ ਮੈਂਬਰ ਰਮਨ ਕੁਮਾਰ, ਸੁਖਦੇਵ ਅੱਤਰੀ ਮੌਜੂਦ ਸਨ।