ਪੱਤਰ ਪ੍ਰੇਰਕ
ਪਠਾਨਕੋਟ, 3 ਜੁਲਾਈ
ਕਰੋਨਾ ਦੇ ਚਲਦੇ 27 ਮਹੀਨਿਆਂ ਤੋਂ ਬੰਦ ਪਈ ਟਾਟਾ-ਜੰਮੂ ਤਵੀ ਐਕਸਪ੍ਰੈਸ ਅੱਜ ਤੋਂ ਟਰੈਕ ਉਪਰ ਦੌੜਨ ਲੱਗ ਪਈ ਹੈ। ਇਹ ਰੇਲ ਗੱਡੀ ਅੱਜ ਸਵੇਰੇ 11.40 ਵਜੇ ਪਠਾਨਕੋਟ ਰੇਲਵੇ ਸਟੇਸ਼ਨ ’ਤੇ ਪੁੱਜੀ। ਟਾਟਾ ਐਕਸਪ੍ਰੈਸ ਸ਼ੁਰੂ ਹੋਣ ਤੋਂ ਬਾਅਦ ਹੁਣ 7 ਦਿਨ ਮਗਰੋਂ ਮੁਰੀ ਲਈ ਰੇਲ ਗੱਡੀ ਦੀ ਸੁਵਿਧਾ ਸ਼ੁਰੂ ਹੋ ਜਾਵੇਗੀ। ਇਸ ਨਾਲ ਪਹਿਲਾਂ ਮੁਰੀ ਲਈ 4 ਦਿਨ ਸੰਬਲਪੁਰ ਐਕਸਪ੍ਰੈਸ ਚਲਦੀ ਸੀ।
ਪਠਾਨਕੋਟ ਤੋਂ ਚੰਡੀਗੜ੍ਹ ਲਈ ਸਿੱਧੀ ਰੇਲ ਸੇਵਾ ਸ਼ੁਰੂ ਕਰਨ ਦੀ ਬਾਬਾ ਸਾਹਿਬ ਡਾ. ਭੀਮ ਰਾਵ ਅੰਬੇਦਕਰ ਮਿਸ਼ਨ ਜ਼ਿਲ੍ਹਾ ਪਠਾਨਕੋਟ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਸੀ। ਉਨ੍ਹਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਨੇ ਟਾਟਾ-ਜੰਮੂ ਤਵੀ ਐਕਸਪ੍ਰੈਸ ਨੂੰ ਵਾਇਆ ਚੰਡੀਗੜ੍ਹ ਚਲਾ ਕੇ ਪੂਰਾ ਕੀਤਾ ਹੈ। ਪਠਾਨਕੋਟ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਟਾਟਾ ਤੋਂ ਜੰਮੂ ਤਵੀ ਜਾਣ ਵਾਲੀ 18101/18102 ਟਾਟਾ ਨਗਰ-ਜੰਮੂ ਤਵੀ ਐਕਸਪ੍ਰੈਸ ਦੀ ਸੇਵਾ ਬਹਾਲ ਹੋ ਗਈ ਹੈ। ਰੇਲ ਗੱਡੀ ਰੂਟ ਵਿੱਚ ਪਰਿਵਰਤਨ ਕੀਤਾ ਗਿਆ ਹੈ।
ਰੇਲ ਗੱਡੀ ਹੁਣ ਵਾਇਆ ਚੰਡੀਗੜ੍ਹ ਹੋ ਕੇ ਗੰਤਵ ਤੱਕ ਪੁੱਜੇਗੀ। ਟਾਟਾ ਤੋਂ ਆਉਂਦੀ ਦਫਾ ਰੇਲ ਗੱਡੀ ਸਵੇਰੇ 2.50 ਵਜੇ ਚੰਡੀਗੜ੍ਹ ਪੁੱਜਣ ਬਾਅਦ 3.13 ਵਜੇ ਜੰਮੂ ਤਵੀ ਲਈ ਰਵਾਨਾ ਹੋਵੇਗੀ ਅਤੇ ਵਾਪਸੀ ’ਤੇ ਇਹ ਰਾਤ 1:35 ਵਜੇ ਚੰਡੀਗੜ੍ਹ ਪੁੱਜੇਗੀ।