ਗੁਰਬਖਸ਼ਪੁਰੀ
ਤਰਨ ਤਾਰਨ, 4 ਅਕਤੂਬਰ
ਇੱਥੋਂ ਦੀ ਦਾਣਾ ਮੰਡੀ ਵਿੱਚ ਖ਼ਰੀਦ ਸ਼ੁਰੂ ਹੋਣ ਦੇ ਅੱਜ ਛੇ ਦਿਨ ਬੀਤਣ ’ਤੇ ਵੀ ਝੋਨੇ ਦੀ ਛਡਾਈ ਕਰਦਿਆਂ ਚੌਲਾਂ ਦੀ ਮਿਕਦਾਰ (ਯੀਲਡ) ਨੂੰ ਲੈ ਕੇ ਆਈ ਖੜੋਤ ਕਾਰਨ ਮੰਡੀ ਵਿੱਚ ਖ਼ਰੀਦੀ ਗਈ ਜਿਣਸ ਦੀ ਚੁਕਾਈ ਸ਼ੁਰੂ ਨਹੀਂ ਕੀਤੀ ਜਾ ਸਕੀ| ਇਸ ਕਾਰਨ ਏਜੰਸੀਆਂ ਨੇ ਜਿਣਸ ਖਰੀਦਣ ਦਾ ਕੰਮ ਠੱਪ ਕਰ ਦਿੱਤਾ ਹੈ| ਮੰਡੀ ਵਿੱਚ ਅਜੇ ਤੱਕ ਵਧੇਰੇ ਕਰਕੇ ਝੋਨੇ ਦੀ ਪੀ ਆਰ ਸਾਵਾ-34 ਅਤੇ ਪੀਆਰ- 26 ਕਿਸਮਾਂ ਹੀ ਆਈਆਂ ਹਨ| ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ੈਲਰਾਂ ਵਾਲਿਆਂ ਨੂੰ ਇੱਕ ਕੁਇੰਟਲ ਦੀ ਛਡਾਈ ਕਰ ਕੇ ਸਰਕਾਰ ਨੂੰ 67 ਕਿਲੋਗ੍ਰਾਮ ਚੌਲ ਵਾਪਸ ਕਰਨੇ ਹੁੰਦੇ ਹਨ ਜਦਕਿ ਇਨ੍ਹਾਂ ਅਗੇਤਰੀਆਂ ਕਿਸਮਾਂ ਦੀ ਛਡਾਈ ਕਰਦਿਆਂ ਚੌਲ 60-61 ਕਿਲੋਗਰਾਮ ਹੀ ਨਿਕਲਦਾ ਹੈ| ਪਿਛਲੇ ਸਾਲ ਸ਼ੈਲਰਾਂ ਵਾਲਿਆਂ ਵੱਲੋਂ ਚੁੱਕੇ ਨੁਕਸਾਨ ਕਾਰਨ ਉਹ ਇਹ ਨੁਕਸਾਨ ਇਸ ਵਾਰ ਨਹੀਂ ਚੁੱਕਣਾ ਚਾਹੁੰਦੇ| ਸ਼ੈਲਰਾਂ ਵਾਲਿਆਂ ਨੇ ਇਹ ਮੁੱਦਾ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਵੀ ਲਿਆਂਦਾ ਹੈ| ਮੰਡੀ ਵਿੱਚ ਖਰੀਦਿਆ ਝੋਨਾ ਸੁੱਕਣ ਕਾਰਨ ਉਸ ਦਾ ਭਾਰ ਘਟ ਰਿਹਾ ਹੈ| ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ (ਡੀਐੱਫਐੱਸਸੀ) ਕਿੰਮੀ ਵਨੀਤ ਕੌਰ ਸੇਠੀ ਨੇ ਕਿਹਾ ਕਿ ਉਹ ਅੱਜ ਹੀ ਝੋਨੇ ਦੀ ਚੁਕਾਈ ਸ਼ੁਰੂ ਕਰਨ ਸਬੰਧੀ ਹਦਾਇਤਾਂ ਜਾਰੀ ਕਰਨਗੇ|