ਪੱਤਰ ਪ੍ਰੇਰਕ
ਭੁਲੱਥ, 21 ਸਤੰਬਰ
ਪਿੰਡ ਟਾਹਲੀ ਵਿਚ 24 ਘੰਟੇ ਬਿਜਲੀ ਦੀ ਸਪਲਾਈ ਦੇਣ ਲਈ ਨਵਾਂ ਟਰਾਂਸਫਾਰਮਰ ਨਾ ਲਗਾਉਣ ’ਤੇ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬਿਜਲੀ ਘਰ ਬੇਗੋਵਾਲ ਦਾ ਘਿਰਾਓ ਕੀਤਾ। ਇਸ ਦੌਰਾਨ ਉਨ੍ਹਾਂ ਵਿਭਾਗ ਦੀ ਘਟੀਆ ਕਾਰਗੁਜ਼ਾਰੀ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਗੁਰਸੇਵਕ ਸਿੰਘ ਟਾਹਲੀ ਤੇ ਹਰਮਨ ਸਿੰਘ ਟਾਹਲੀ ਨੇ ਦੱਸਿਆ ਕਿ ਵਿਭਾਗ ਵੱਲੋਂ ਪਹਿਲਾਂ ਲਗਾਏ ਟਰਾਂਸਫਾਰਮਰ ’ਤੇ ਲੋਡ ਜ਼ਿਆਦਾ ਹੋਣ ਕਰਕੇ ਰੋਜ਼ਾਨਾ ਫਿਊਜ਼ ਉੱਡ ਜਾਂਦੇ ਸਨ। ਇਸ ਮਗਰੋਂ ਪਿੰਡ ਦੀ 24 ਘੰਟੇ ਵਾਲੀ ਸਪਲਾਈ ਨੂੰ ਸੁਚਾਰੂ ਕਰਨ ਲਈ ਨਵਾਂ ਟਰਾਂਸਫਾਰਮਰ ਲਗਾਉਣ ਲਈ ਪੋਲ ਤਾਂ ਖੜ੍ਹੇ ਕਰ ਦਿੱਤੇ। ਪਰੰਤੂ ਦੋ ਮਹੀਨੇ ਬੀਤ ਜਾਣ ’ਤੇ ਕੋਈ ਟਰਾਂਸਫਾਰਮਰ ਨਹੀਂ ਲਗਾਇਆ। ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਇਆ ਕਿ ਕਈ ਵਾਰ ਐੱਸਡੀਓ ਬੇਗੋਵਾਲ ਤੇ ਐਕਸੀਅਨ ਕਰਤਾਰਪੁਰ ਦੇ ਹਾੜੇ ਕੱਢੇ, ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਨਵਾਂ ਟਰਾਂਸਫਾਰਮਰ ਲਾਇਆ ਜਾਵੇਗਾ।