ਗੁਰਬਖਸ਼ਪੁਰੀ
ਤਰਨ ਤਾਰਨ, 13 ਨਵੰਬਰ
ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਦੋ-ਰੋਜ਼ਾ ਹੜਤਾਲ ਦੇ ਅੰਤਲੇ ਦਿਨ ਸਫ਼ਾਈ ਸੇਵਕਾਂ ਵੱਲੋਂ ਅੱਜ ਨਗਰ ਕੌਂਸਲ ਦੇ ਦਫ਼ਤਰ ਸਾਹਮਣੇ ਕੂੜੇ ਦੀਆਂ ਰੇਹੜੀਆਂ ਖੜ੍ਹੀਆਂ ਕਰ ਕੇ ਦਿਨ ਭਰ ਧਰਨਾ ਦਿੱਤਾ ਗਿਆ| ਹੜਤਾਲ ਵਿੱਚ ਸਫ਼ਾਈ ਸੇਵਕਾਂ ਤੋਂ ਇਲਾਵਾ ਸੀਵਰਮੈਨ ਵੀ ਸ਼ਾਮਲ ਹੋ ਰਹੇ ਹਨ| ਇਸ ਦੇ ਨਾਲ ਹੀ ਸ਼ਹਿਰ ਅੰਦਰ ਸਫ਼ਾਈ ਨਾ ਕੀਤੇ ਜਾਣ ਕਰ ਕੇ ਚਾਰ ਚੁਫੇਰੇ ਗੰਦਗੀ ਦਾ ਪਸਾਰਾ ਹੋ ਗਿਆ ਹੈ| ਸੀਵਰੇਜ ਦੀਆਂ ਪਾਈਪਾਂ ਕਈ ਥਾਵਾਂ ਤੋਂ ਲੀਕ ਕਰ ਰਹੀਆਂ ਹਨ|
ਇਸ ਦੌਰਾਨ ਜਥੇਬੰਦੀ ਦੇ ਸੂਬਾ ਆਗੂ ਰਮੇਸ਼ ਕੁਮਾਰ ਸ਼ੇਰਗਿੱਲ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 15-15 ਸਾਲਾਂ ਤੋਂ ਨਿਗੂਣੀਆਂ ਉਜਰਤਾਂ ’ਤੇ ਸੇਵਾ ਕਰਦੇ ਆ ਰਹੇ ਉਨ੍ਹਾਂ ਦੇ ਸਾਥੀ ਸਫ਼ਾਈ ਸੇਵਕਾਂ, ਸੀਵਰਮੈਨ ਅਤੇ ਹੋਰ ਦਰਜਾਚਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਚਾਰ ਮਹੀਨੇ ਪਹਿਲਾਂ ਦਿੱਤੇ ਭਰੋਸੇ ਤੇ ਸਰਕਾਰ ਵੱਲੋਂ ਅਮਲ ਨਹੀਂ ਕੀਤਾ ਜਾ ਰਿਹਾ| ਉਨ੍ਹਾਂ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਸਿਫ਼ਾਰਸ਼ਾਂ ਵਿੱਚ ਸੋਧਾਂ ਕਰ ਕੇ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੇ ਜਾਣ, ਤਰਸ ਦੇ ਆਧਾਰ ’ਤੇ ਪੀੜਤ ਪਰਿਵਾਰਾਂ ਨੂੰ ਤੁਰੰਤ ਨੌਕਰੀਆਂ ਦੇਣ ਆਦਿ ਮੁੱਦੇ ਵੀ ਉਠਾਏ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਕੁਮਾਰ, ਅਜੀਤ ਸਿੰਘ, ਕਾਲਾ, ਬਬਲੀ, ਕਮਲੇਸ਼ ਨੇ ਵੀ ਸੰਬੋਧਨ ਕੀਤਾ ਅਤੇ ਸਰਕਾਰ ਵੱਲੋਂ ਗ਼ਰੀਬ ਵਰਗਾਂ ਦੇ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ| ਧਰਨੇ ਵਿੱਚ ਮਹਿਲਾ ਸਫ਼ਾਈ ਸੇਵਕਾਂ ਵੀ ਹਿੱਸਾ ਲਿਆ|
ਗੰਦਗੀ ਦੇ ਢੇਰਾਂ ਖ਼ਿਲਾਫ਼ ਪ੍ਰਦਰਸ਼ਨ
ਧਾਰੀਵਾਲ (ਪੱਤਰ ਪ੍ਰੇਰਕ): ਸ਼ਹਿਰ ਦੇ ਵਾਰਡ ਨੰਬਰ-12 ਲੁਧਿਆਣਾ ਮੁਹੱਲਾ ਵਿੱਚ ਲੱਗੇ ਗੰਦਗੀ ਦੇ ਢੇਰਾਂ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੁਹੱਲਾ ਵਾਸੀ ਹੀਰਾ ਲਹੌਰੀਆ, ਬੰਟੀ, ਅਮਨ, ਸ਼ਿਵ ਲਾਲ, ਗੋਪਾਲ ਸਿੰਘ, ਲਾਲ ਮਸੀਹ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਲੁਧਿਆਣਾ ਮੁਹੱਲੇ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਕੁੱਝ ਸਮੇਂ ਤੋਂ ਕੌਂਸਲ ਵੱਲੋਂ ਮੁਹੱਲੇ ਵਿਚਲੀ ਖਾਲੀ ’ਤੇ ਸ਼ਹਿਰ ਦਾ ਕੂੜਾ ਸੁੱਟਿਆ ਜਾ ਰਿਹਾ ਹੈ। ਇਸ ਸਮੱਸਿਆ ਬਾਰੇ ਉਹ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਰੁਣ ਕੁਮਾਰ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ ਪਰ ਸੁਣਵਾਈ ਨਹੀਂ ਹੋਈ। ਉਨ੍ਹਾਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਕਾਰਜਸਾਧਕ ਅਫਸਰ ਅਰੁਣ ਕੁਮਾਰ ਨੇ ਕਿਹਾ ਕਿ ਉਹ ਮੌਕਾ ਦੇਖ ਕੇ ਸਮੱਸਿਆ ਦਾ ਹੱਲ ਕਰਵਾ ਦੇਣਗੇ।