ਨਰਿੰਦਰ ਸਿੰਘ
ਭਿੱਖੀਵਿੰਡ, 11 ਜੁਲਾਈ
ਸੁਰਸਿੰਘ ਦੀ ਕੋਆਪ੍ਰੇਟਿਵ ਸੁਸਾਇਟੀ ਵਿਵਾਦਾਂ ਵਿੱਚ ਘਿਰ ਗਈ ਹੈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਸੁਸਾਇਟੀ ਦੇ ਅਧਿਕਾਰੀ ਖੇਤੀ ਸੰਦਾਂ ਦੀ ਦੁਰਵਰਤੋਂ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਅਤੇ ਉੱਚ ਅਧਿਕਾਰੀਆਂ ਨੇ ਸੁਸਾਇਟੀ ਦੇ ਦਫਤਰ ਨੂੰ ਤਾਲੇ ਲਗਾ ਦਿੱਤੇ ਸਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਸੁਰਸਿੰਘ ਬਹੁਮੰਤਵੀ ਸੁਸਾਇਟੀ ਦਾ ਸੈਕਟਰੀ ਸਤਬੀਰ ਸਿੰਘ ਹੈ। ਉਸ ਨੇ ਸੁਸਾਇਟੀ ਦਾ ਪ੍ਰਧਾਨ, ਮੀਤ ਪ੍ਰਧਾਨ ਅਤੇ ਕੈਸ਼ੀਅਰ ਆਪਣੇ ਪਰਿਵਾਰ ’ਚੋਂ ਹੀ ਲਗਾਏ ਹੋਏ ਹਨ, ਜਿਸ ਕਰ ਕੇ ਉਹ ਸੁਸਾਇਟੀ ਵਿੱਚ ਆਪਣੀ ਮਨਮਰਜ਼ੀ ਕਰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸੁਸਾਇਟੀ ਦੇ ਅਹੁਦੇਦਾਰ ਖੇਤੀ ਸੰਦ ਦੂਜੇ ਪਿੰਡਾਂ ਵਿੱਚ ਭੇਜ ਕੇ ਉਨ੍ਹਾਂ ਦਾ ਕਿਰਾਇਆ ਹੜੱਪ ਲੈਂਦੇ ਹਨ ਤੇ ਸੁਸਾਇਟੀ ਦੇ ਕੁਝ ਖੇਤੀ ਸੰਦ ਗਾਇਬ ਹਨ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਉਹ ਵੀ ਸੈਕਟਰੀ ਦੇ ਰਿਸ਼ਤੇਦਾਰਾਂ ਕੋਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੁਸਾਇਟੀ ਦਾ ਟਰੈਕਟਰ ਦੂਜੇ ਪਿੰਡ ਚੱਲਦਾ ਖੁਦ ਫੜਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਡੀਜ਼ਲ- ਪੈਟਰੋਲ ਦੇ ਰੇਟ ਘੱਟਦੇ ਹਨ ਸੁਸਾਇਟੀ ਵਿਚ ਲੱਗੇ ਪੈਟਰੋਲ ਪੰਪ ’ਤੇ ਉਹ ਘੱਟ ਨਹੀਂ ਕੀਤੇ ਜਾਂਦੇ। ਉਨ੍ਹਾਂ ਸੁਸਾਇਟੀ ਦੇ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਦੇ ਦੋਸ਼ ਵੀ ਲਗਾਏ। ਇਸ ਮੌਕੇ ਜਾਂਚ ਕਰਨ ਪੁੱਜੇ ਏਆਰਓ ਗੌਤਮ ਸ਼ਰਮਾ ਨੇ ਕਿਹਾ ਕਿ ਸੁਸਾਇਟੀ ਵਿੱਚ ਬੇਨਿਯਮੀਆਂ ਸਾਹਮਣੇ ਆਈਆਂ ਹਨ। ਦੋਹਾਂ ਧਿਰਾਂ ਦਾ ਪੱਖ ਸੁਣਿਆ ਗਿਆ ਹੈ, ਜਿਸ ਦੀ ਰਿਪੋਰਟ ਡੀਆਰਓ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਆਮ ਇਜਲਾਸ ਸੱਦ ਕੇ ਨਵੀਂ ਕਮੇਟੀ ਦੀ ਚੋਣ ਕਰਵਾਉਣ ਬਾਰੇ ਵੀ ਸਹਿਮਤੀ ਲਈ ਜਾ ਰਹੀ ਹੈ। ਬਾਕੀ ਜੋ ਵੀ ਸ਼ਿਕਾਇਤਾਂ ਹਨ ਉਨ੍ਹਾਂ ਦੀ ਜਾਂਚ ਲਈ ਰਿਕਾਰਡ ਸੀਲ ਕੀਤਾ ਗਿਆ ਹੈ ਅਤੇ ਸੁਸਾਇਟੀ ਨੂੰ ਮੁੜ ਤਾਲੇ ਲਗਾ ਦਿੱਤੇ ਗਏ ਹਨ।
ਸਕੱਤਰ ਨੇ ਦੋਸ਼ ਨਕਾਰੇ
ਇਸ ਸਬੰਧੀ ਸੁਸਾਇਟੀ ਦੇ ਸਕੱਤਰ ਸਤਬੀਰ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਾਰਾ ਰਿਕਾਰਡ ਮੌਜੂਦ ਹੈ ਜੋ ਉਹ ਪੇਸ਼ ਕਰ ਸਕਦੇ ਹਨ।