ਦਲਬੀਰ ਸੱਖੋਵਾਲੀਆ
ਬਟਾਲਾ, 19 ਅਪਰੈਲ
ਨਗਰ ਨਿਗਮ ਬਟਾਲਾ ਦੇ ਪਹਿਲੇ ਮੇਅਰ ਅੱਜ ਸੁਖਦੀਪ ਸਿੰਘ ਤੇਜਾ ਸਰਬਸੰਮਤੀ ਨਾਲ ਚੁਣੇ ਗਏ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ ਅਤੇ ਡਿਪਟੀ ਮੇਅਰ ਚੰਦਰ ਕਾਂਤਾ ਚੁਣੇ ਗਏ ਹਨ। ਇਸ ਮੌਕੇ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਗੁਰਪ੍ਰੀਤ ਕੌਰ ਨੇ ਸਾਰੇ ਕੌਂਸਲਰਾਂ ਨੂੰ ਸਹੁੰ ਚੁਕਾਈ। ਇਸ ਦੌਰਾਨ ਵਾਰਡ ਨੰਬਰ-32 ਦੇ ਕੌਂਸਲਰ ਅਨਿਲ ਕੁਮਾਰ ਨੇ ਸੁਖਦੀਪ ਸਿੰਘ ਤੇਜਾ ਦਾ ਨਾਂ ਮੇਅਰ ਦੇ ਅਹੁਦੇ ਲਈ ਪੇਸ਼ ਕੀਤਾ ਤੇ ਇਸ ਦੀ ਤਾਈਦ ਕੌਂਸਲਰ ਮੋਨਿਕਾ ਸੇਖੜੀ ਨੇ ਕੀਤੀ। ਇਸ ਤੋਂ ਬਾਅਦ ਹਾਊਸ ਦੇ ਸਾਰੇ ਮੈਂਬਰਾਂ ਨੇ ਸੁਖਦੀਪ ਸਿੰਘ ਤੇਜਾ ਨੂੰ ਸਰਬਸੰਮਤੀ ਨਾਲ ਮੇਅਰ ਚੁਣ ਲਿਆ। ਮੇਅਰ ਤੇਜਾ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੇ ਕਰੀਬੀ ਹਨ। ਜਲੰਧਰ ਡਿਵੀਜ਼ਨ ਦੀ ਕਮਿਸ਼ਨਰ ਗੁਰਪ੍ਰੀਤ ਕੌਰ ਨੇ ਨਵੇਂ ਚੁਣੇ ਅਹੁੱਦੇਦਾਰਾਂ ਨੂੰ ਸਹੁੰ ਚੁਕਾਈ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਨਵੇਂ ਚੁਣੇ ਅਹੁਦੇਦਾਰਾਂ ਤੇ ਸਮੂਹ ਕੌਂਸਲਰਾਂ ਨੂੰ ਵਧਾਈ ਦਿੱਤੀ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਨਵੇਂ ਚੁਣੇ ਮੇਅਰ ਸੁਖਦੀਪ ਸਿੰਘ ਤੇਜਾ, ਸੀਨੀਅਰ ਡਿਪਟੀ ਮੇਅਰ ਸਰੀਨ ਤੇ ਡਿਪਟੀ ਮੇਅਰ ਕਾਂਤਾ ਨੂੰ ਵਧਾਈ ਦਿੱਤੀ।
ਕਾਦੀਆਂ ਕੌਂਸਲ ਦੇ ਮੀਤ ਪ੍ਰਧਾਨ ਨੇ ਅਸਤੀਫ਼ਾ ਦਿੱਤਾ
ਕਾਦੀਆਂ (ਮਕਬੂਲ ਅਹਿਮਦ): ਕਾਦੀਆਂ ਨਗਰ ਕੌਂਸਲ ਦੇ ਮੀਤ ਪ੍ਰਧਾਨ ਚੌਧਰੀ ਅਬਦੁਲ ਵਾਸੇ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ 15 ਅਪਰੈਲ ਨੂੰ ਹੀ ਇੱਹ ਅਹੁਦਾ ਸੰਭਾਲਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਅਸਤੀਫ਼ਾ ਬਹਿਸ਼ਤੀ ਮਕਬਰੇ ’ਚ ਕਸਬੇ ਦੀ ਗੰਦਗੀ ਦਾ ਡੰਪ ਬਣਾਉਣ ਤੋਂ ਖਫ਼ਾ ਹੋ ਕੇ ਦਿੱਤਾ ਹੈ।
ਨਿਰਮਲ ਕੁਮਾਰ ਨਗਰ ਕੌਂਸਲ ਸ਼ਾਮਚੁਰਾਸੀ ਦੇ ਪ੍ਰਧਾਨ ਚੁਣੇ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕੌਂਸਲਰ ਨਿਰਮਲ ਕੁਮਾਰ ਨੂੰ ਅੱਜ ਨਗਰ ਕੌਂਸਲ ਸ਼ਾਮਚੁਰਾਸੀ ਦਾ ਸਰਬਸੰਮਤੀ ਨਾਲ ਪ੍ਰਧਾਨ ਤੇ ਕੌਂਸਲਰ ਕੁਲਜੀਤ ਸਿੰਘ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। ਚੋਣ ਉਪਰੰਤ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਨਗਰ ਕੌਂਸਲ ਨੂੰ ਪ੍ਰਧਾਨ ਅਤੇ ਵਾਈਸ ਪ੍ਰਧਾਨ ਮਿਲਣ ਨਾਲ ਖੇਤਰ ਦੇ ਵਿਕਾਸ ਵਿਚ ਤੇਜ਼ੀ ਆਵੇਗੀ ਅਤੇ ਜੇਕਰ ਕੋਈ ਅਹਿਮ ਕੰਮ ਰਹਿੰਦੇ ਹੋਣਗੇ ਤਾਂ ਉਹ ਤਰਜ਼ੀਹ ਦੇ ਆਧਾਰ ’ਤੇ ਨੇਪਰੇ ਚਾੜ੍ਹੇ ਜਾਣਗੇ।
ਰਜਵੰਤ ਕੌਰ ਫਤਹਿਗੜ੍ਹ ਚੂੜੀਆਂ ਕੌਂਸਲ ਪ੍ਰਧਾਨ ਬਣੇ
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਐੱਸ.ਡੀ.ਐੱਮ ਬਟਾਲਾ-ਕਮ-ਕਨਵੀਨਰ ਬਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਕਰਵਾਈ ਗਈ। ਇਸ ਵਿਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਐੱਸਡੀਐੱਮ ਨੇ ਕੌਂਸਲਰਾਂ ਨੂੰ ਸਹੁੰ ਚੁਕਾਈ। ਇਸ ਮੌਕੇ ਰਜਵੰਤ ਕੌਰ ਰੰਧਾਵਾ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਦਾ ਪ੍ਰਧਾਨ ਅਤੇ ਕਵਿਤਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਮੰਤਰੀ ਸ੍ਰੀ ਬਾਜਵਾ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਦੋਵੇਂ ਔਰਤਾਂ ਸ਼ਹਿਰ ਦੇ ਵਿਕਾਸ ਲਈ ਚੰਗੇ ਕੰਮ ਕਰਨਗੀਆਂ।
ਗੁਰਸੇਵਕ ਮਾਰਸ਼ਲ ਟਾਂਡਾ ਨਗਰ ਕੌਂਸਲ ਦੇ ਪ੍ਰਧਾਨ ਬਣੇ
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਨਗਰ ਕੌਂਸਲ ਉੜਮੁੜ ਟਾਂਡਾ ਦੀ ਪ੍ਰਧਾਨਗੀ ਲਈ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿੱਚ ਅੱਜ ਹੋਈ ਚੋਣ ਦੌਰਾਨ ਸਰਬਸੰਮਤੀ ਨਾਲ ਵਾਰਡ ਦੋ ਤੋਂ ਕੌਂਸਲਰ ਗੁਰਸੇਵਕ ਸਿੰਘ ਮਾਰਸ਼ਲ ਨੂੰ ਪ੍ਰਧਾਨ ਅਤੇ ਵਾਰਡ ਨੰਬਰ ਚਾਰ ਦੇ ਕੌਂਸਲਰ ਸੁਰਿੰਦਰਜੀਤ ਸਿੰਘ ਬਿੱਲੂ ਨੂੰ ਉਪ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਚੋਣ ਕਨਵੀਨਰ ਐੱਸਡੀਐੱਮ ਦਸੂਹਾ ਰਣਦੀਪ ਸਿੰਘ ਹੀਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸਮੂਹ ਕੌਂਸਲਰਾਂ ਨੇ ਭਾਗ ਲਿਆ ਅਤੇ ਪਹਿਲਾਂ ਅਹੁਦੇ ਦੀ ਸਹੁੰ ਚੁੱਕੀ ਗਈ। ਇਸ ਦੌਰਾਨ ਕੌਂਸਲਰ ਹਰੀ ਕ੍ਰਿਸ਼ਨ ਸੈਣੀ ਨੇ ਪ੍ਰਧਾਨਗੀ ਅਹੁਦੇ ਲਈ ਗੁਰਸੇਵਕ ਮਾਰਸ਼ਲ ਦਾ ਨਾਂ ਪੇਸ਼ ਕੀਤਾ ਜਿਸ ਦੀ ਪੁਸ਼ਟੀ ਰਾਜੇਸ਼ ਕੁਮਾਰ ਲਾਡੀ ਨੇ ਕੀਤੀ। ਇਸੇ ਤਰ੍ਹਾਂ ਉਪ ਪ੍ਰਧਾਨ ਲਈ ਕ੍ਰਿਸ਼ਨ ਲਾਲ ਬਿੱਟੂ ਨੇ ਸੁਰਿੰਦਰਜੀਤ ਸਿੰਘ ਬਿੱਲੂ ਦਾ ਨਾਂ ਪੇਸ਼ ਕੀਤਾ ਅਤੇ ਦਲਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ। ਚੋਣ ਤੋਂ ਬਾਅਦ ਵਿਧਾਇਕ ਗਿਲਜੀਆਂ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਸਲਵੰਤ ਸਿੰਘ ਸੇਠ ਮਜੀਠਾ ਨਗਰ ਕੌਂਸਲ ਦੇ ਪ੍ਰਧਾਨ ਬਣੇ
ਮਜੀਠਾ (ਰਾਜਨ ਮਾਨ): ਨਗਰ ਕੌਂਸਲ ਮਜੀਠਾ ਦੀ ਅੱਜ ਹੋਈ ਚੋਣ ਵਿੱਚ ਸਰਬਸੰਮਤੀ ਨਾਲ ਸਲਵੰਤ ਸਿੰਘ ਸੇਠ ਪ੍ਰਧਾਨ ਚੁਣਿਆ ਗਿਆ ਜਦੋਂਕਿ ਨਰਿੰਦਰ ਨਈਅਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮਨਜੀਤ ਕੌਰ ਨੂੰ ਕੌਂਸਲ ਦਾ ਮੀਤ ਪ੍ਰਧਾਨ ਚੁਣਿਆ ਗਿਆ। ਇਸ ਚੋਣ ਦੇ ਵਿਰੋਧ ਵਿੱਚ ਅਕਾਲੀ ਦਲ ਦੇ ਕੌਂਸਲਰ ਤੇ ਸਾਬਕਾ ਪ੍ਰਧਾਨ ਤਰੁਣ ਕੁਮਾਰ ਅਬਰੌਲ ਨੇ ਅਸਤੀਫ਼ਾ ਦੇ ਕੇ ਅਕਾਲੀ ਦਲ ਲਈ ਨਵੀਂ ਬਿਪਤਾ ਛੇੜ ਦਿੱਤੀ ਹੈ। ਨਗਰ ਕੌਂਸਲ ਚੋਣਾਂ ਵਿੱਚ ਮਜੀਠਾ ਤੋਂ ਅਕਾਲੀ ਦਲ ਬਹੁਮਤ ਨਾਲ ਜਿੱਤਿਆ ਸੀ। ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਅੱਜ ਕੀਤੀ ਚੋਣ ਦੌਰਾਨ ਜਦੋਂ ਸਲਵੰਤ ਸਿੰਘ ਸੇਠ ਨੂੰ ਪ੍ਰਧਾਨ ਥਾਪਿਆ ਗਿਆ ਤਾਂ ਤੁਰੰਤ ਇਸ ਦਾ ਵਿਰੋਧ ਕਰਦਿਆਂ ਅਕਾਲੀ ਦਲ ਦੇ ਮਜੀਠਾ ਤੋਂ ਪਿਛਲੀ ਵਾਰ ਨਗਰ ਕੌਂਸਲ ਦੇ ਪ੍ਰਧਾਨ ਰਹੇ ਤਰੁਣ ਕੁਮਾਰ ਨੇ ਅਸਤੀਫ਼ਾ ਦੇ ਦਿੱਤਾ। ਤਰੁਣ ਕੁਮਾਰ ਨੇ ਕਿਹਾ ਕਿ ਉਹ ਪਾਰਟੀ ਦੇ ਫ਼ੈਸਲੇ ਤੋਂ ਖਫ਼ਾ ਹਨ।