ਦਿਲਬਾਗ ਸਿੰਘ ਗਿੱਲ
ਅਟਾਰੀ, 15 ਫਰਵਰੀ
ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਬਿੰਦਰ ਸਰਕਾਰੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਲਾਕੇ ’ਚ ਬਿਨਾਂ ਕਿਸੇ ਵਿਤਕਰੇ ਦੇ ਹਜ਼ਾਰ ਕਰੋੜ ਦਾ ਵਿਕਾਸ ਕਾਰਜ ਕਰਵਾਇਆ ਹੈ। ਉਨ੍ਹਾਂ ਅਕਾਲੀ-ਬਸਪਾ ਉਮੀਦਵਾਰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਆਪਣੇ 10 ਸਾਲ ਦੀ ਸਰਕਾਰ ਦੇ ਕਾਰਜਕਾਲ ਵਿੱਚ ਕੀ ਵਿਕਾਸ ਕਰਵਾਇਆ।
ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਦੌਰਾਨ ਚਵਿੰਡਾ ਕਲਾਂ ਵਿੱਚ 150 ਕਰੋੜ ਦੀ ਲਾਗਤ ਨਾਲ ਵਾਟਰ ਟਰੀਟਮੈਂਟ ਪਲਾਂਟ ਲਗਾਇਆ ਗਿਆ। ਅੰਮ੍ਰਿਤਸਰ- ਰਾਣੀਆਂ ਸੜਕ ਫੋਰਲੇਨ ਕੀਤੀ ਗਈ। ਪੁਰਾਣੀਆਂ ਸੜਕਾਂ ਦੀ ਮੁਰੰਮਤ ਕਰਵਾਈ ਗਈ ਅਤੇ ਨਵੀਆਂ ਸੜਕਾਂ ਬਣਵਾਈਆਂ ਗਈਆਂ, 338 ਕਿਲੋਮੀਟਰ ਸੂਏ ਪੱਕੇ ਕਰਵਾਏ ਗਏ। ਲੋਪੋਕੇ ਦੇ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕਰਵਾਇਆ ਗਿਆ।
ਉਨ੍ਹਾਂ ਹਲਕਾ ਰਾਜਾਸਾਂਸੀ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਕਾਲੀ ਦਲ ਦੇ 10 ਸਾਲ ਦਾ ਅਤੇ ਕਾਂਗਰਸ ਦੇ ਪੰਜ ਸਾਲ ਦੇ ਕੰਮਾਂ ਨੂੰ ਵੇਖਦੇ ਹੋਏ ਆਪਣੀ ਵੋਟ ਦਾ ਫੈਸਲਾ ਕਰਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਸਿੱਖ ਅਤੇ ਪੰਜਾਬ ਵਿਰੋਧੀ ਹੈੇ ਤੇ ਉਹ ਭਾਜਪਾ ਦੀ ਬੀ ਟੀਮ ਹੈ, ਇਸ ਤੋਂ ਬੱਚ ਕੇ ਰਹੋ।
ਮਜੀਠਾ(ਪੱਤਰ ਪ੍ਰੇਰਕ): ਇਥੇ ਕਾਂਗਰਸੀ ਉਮੀਦਵਾਰਾਂ ਨੇ ਚੋਣ ਪ੍ਰਚਾਰ ਤੇਜ਼ ਕਰਦਿਆਂ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਤੇ ਲੋਕਾਂ ਨੂੰ ਮਜੀਠੀਆ ਪਰਿਵਾਰ ਦਾ ਹਲਕੇ ’ਚੋਂ ਬਿਸਤਰਾ ਗੋਲ ਕਰਨ ਦਾ ਸੱਦਾ ਦਿੱਤਾ।
ਅੱਜ ਸ਼ਾਮਨਗਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਉਮੀਦਵਾਰ ਜਗਵਿੰਦਰ ਪਾਲ ਜੱਗਾ ਮਜੀਠੀਆ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਮਜੀਠਾ ਹਲਕੇ ਦੇ ਲੋਕਾਂ ਨੇ ਇਸ ਵਾਰ ਮਜੀਠੀਆ ਪਰਿਵਾਰ ਦਾ ਬਿਸਤਰਾ ਗੋਲ ਕਰਨ ਦਾ ਫੈਸਲਾ ਕਰ ਲਿਆ ਹੈ। ਮਜੀਠੀਆ ਨੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਤੋਰਿਆ। ਪੰਜਾਬ ਦੇ ਲੋਕ ਜਵਾਨੀ ਦੇ ਇਸ ਦੁਸ਼ਮਣ ਪਰਿਵਾਰ ਨੂੰ ਚੱਲਦਾ ਕਰਨ ਦਾ ਮਨ ਬਣਾਈ ਬੈਠੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਬਿਕਰਮ ਮਜੀਠੀਆ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਨੂੰ ਕੰਗਾਲ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਵਕਤ ਆ ਗਿਆ ਹੈ ਕਿ ਇਨ੍ਹਾਂ ਗੁਰੂ ਤੇ ਲੋਕ ਦੋਖੀਆਂ ਨੂੰ ਸਬਕ ਸਿਖਾਇਆ ਜਾਵੇ।
ਅਰੁਣ ਡੋਗਰਾ ਨੇ ਸਮਰਥਕਾਂ ਨਾਲ ਕੱਢਿਆ ਰੋਡ ਸ਼ੋਅ
ਦਸੂਹਾ (ਪੱਤਰ ਪ੍ਰੇਰਕ): ਕਾਂਗਰਸ ਉਮੀਦਵਾਰ ਅਰੁਣ ਮਿੱਕੀ ਡੋਗਰਾ ਨੇ ਅੱਜ ਵੱਡੀ ਗਿਣਤੀ ਵਰਕਰਾਂ ਤੇ ਸਮਰਥਕਾਂ ਨਾਲ ਸ਼ਹਿਰ ’ਚ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਬਲੱਗਣ ਚੌਕ ਤੋਂ ਸ਼ੁਰੂ ਹੋ ਕੇ ਜੀਟੀ ਰੋਡ, ਹਾਜ਼ੀਪੁਰ ਚੌਕ, ਤਲਾਬ ਰੋਡ, ਇਮਲੀ ਚੌਕ, ਮਾਤਾ ਰਾਣੀ ਚੌਕ, ਲਾਇਬ੍ਰੇਰੀ ਚੌਕ, ਪੁਰਾਣੀ ਅਨਾਜ ਮੰਡੀ, ਗੁਰੁੂ ਨਾਨਕ ਮਾਰਕੀਟ ਅਤੇ ਮਿਆਣੀ ਰੋਡ ਤੋਂ ਹੁੰਦਾ ਹੋਇਆ ਵਾਪਸ ਸ਼ੁਰੂਆਤੀ ਸਥਾਨ ’ਤੇ ਸਮਾਪਤ ਹੋਇਆ। ਇਸ ਦੌਰਾਨ ਡੋਗਰਾ ਨੇ ਵੋਟਰਾਂ ਨੂੰ ਕਾਂਗਰਸ ਦੇ ਹੱਕ ’ਚ ਭੁਗਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਤਾ ਮਰਹੂਮ ਸਿਹਤ ਮੰਤਰੀ ਰਾਮੇਸ਼ ਚੰਦਰ ਡੋਗਰਾ ਦੀਆਂ ਲੀਹਾਂ ’ਤੇ ਚੱਲਦਿਆਂ ਬਿਨਾਂ ਭੇਦਭਾਵ ਸਰਵਪੱਖੀ ਵਿਕਾਸ ਕਰਵਾਇਆ ਹੈ।