ਸਰਬਜੀਤ ਸਾਗਰ
ਦੀਨਾਨਗਰ, 21 ਮਾਰਚ
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਯਾਦਗਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿੱਚ ਤਾਇਨਾਤ ਹੈੱਡ ਗ੍ਰੰਥੀ ਜਗੀਰ ਸਿੰਘ ਦੇ ਪੁੱਤਰ ਨੇ ਅੱਜ ਸਵੇਰੇ ਗੁਰਦੁਆਰੇ ਦੇ ਦੀਵਾਨ ਹਾਲ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ (37) ਵਜੋਂ ਹੋਈ ਹੈ ਜੋ ਗੁਰਦੁਆਰੇ ’ਚ ਲੰਗਰ ਦਾ ਪ੍ਰਬੰਧ ਦੇਖਣ ਤੋਂ ਇਲਾਵਾ ਦੀਨਾਨਗਰ ਤੋਂ ਪੰਜਾਬੀ ਅਖ਼ਬਾਰ ਲਈ ਪੱਤਰਕਾਰ ਵਜੋਂ ਵੀ ਕੰਮ ਕਰਦਾ ਸੀ। ਪਰਿਵਾਰ ਨੇ ਉਸ ਦੀ ਮੌਤ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਨੇਜਰ ਸਮੇਤ ਰੇਤ ਬੱਜਰੀ ਦਾ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਨੂੰ ਕਸੂਰਵਾਰ ਠਹਿਰਾਇਆ ਹੈ ਜਿਨ੍ਹਾਂ ਦੀਆਂ ਕਥਿਤ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਦਵਿੰਦਰ ਇਹ ਕਦਮ ਚੁੱਕਣ ਲਈ ਮਜਬੂਰ ਹੋਇਆ।
ਦਵਿੰਦਰ ਦੇ ਪਿਤਾ ਹੈੱਡ ਗ੍ਰੰਥੀ ਜਗੀਰ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਦਾ ਸਾਬਕਾ ਮੈਨੇਜਰ ਗੁਰਦੁਆਰੇ ਦੀ ਗੋਲਕ ’ਚੋਂ ਪੈਸੇ ਚੋਰੀ ਕਰਦਾ ਸੀ ਜਿਸ ਦੀ ਵੀਡੀਓ ਵਾਈਰਲ ਹੋਣ ਤੋਂ ਬਾਅਦ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਦੇ ਲਈ ਉਹ ਉਨ੍ਹਾਂ ਦੇ ਲੜਕੇ ਦਵਿੰਦਰ ਸਿੰਘ ਨੂੰ ਵੀਡੀਓ ਬਣਾਉਣ ਲਈ ਕਸੂਰਵਾਰ ਠਹਿਰਾਉਂਦਾ ਹੋਇਆ ਉਸ ਨੂੰ ਪਰਿਵਾਰ ਸਮੇਤ ਗੁਰਦੁਆਰੇ ਵਿੱਚੋਂ ਕੱਢਵਾਉਣ ਦੀ ਧਮਕੀ ਦਿੰਦਾ ਸੀ। ਜਗੀਰ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਸਾਬਕਾ ਮੈਨੇਜਰ ਦਾ ਇਕ ਹਮਾਇਤੀ ਜੋ ਰੇਤ-ਬੱਜਰੀ ਦਾ ਕਾਰੋਬਾਰ ਕਰਦਾ ਹੈ, ਵੀ ਦਵਿੰਦਰ ਸਿੰਘ ਨੂੰ ਗੁਰਦੁਆਰੇ ਅੰਦਰ ਆਣ ਕੇ ਧਮਕਾਇਆ ਕਰਦਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੇ ਲੜਕੇ ਨੇ ਅੱਜ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਦਵਿੰਦਰ ਆਪਣੇ ਪਿੱਛੇ ਤਿੰਨ ਧੀਆਂ ਛੱਡ ਗਿਆ ਹੈ।
ਥਾਣਾ ਦੀਨਾਨਗਰ ਦੇ ਐੱਸਐੱਚਓ ਕੁਲਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੋਲੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ।
ਪੁਲੀਸ ਵੱਲੋਂ ਦੋਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਦੀਨਾਨਗਰ ਪੁਲੀਸ ਨੇ ਪਿਤਾ ਜਗੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗੁਰਦੁਆਰੇ ਦੇ ਸਾਬਕਾ ਮੈਨੇਜਰ ਗੁਰਬਚਨ ਸਿੰਘ ਅਤੇ ਰੇਤ ਬੱਜਰੀ ਦਾ ਕਾਰੋਬਾਰ ਕਰਨ ਵਾਲੇ ਰਾਜਿੰਦਰ ਸਿੰਘ ਉਰਫ਼ ਹੈਪੀ ਭੱਟੀ ਦੇ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕੀਤਾ ਹੈ। ਇਸ ਦੀ ਪੁਸ਼ਟੀ ਐੱਸਐੱਚਓ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ ਹੈ।