ਹਰਪਾਲ ਸਿੰਘ ਨਾਗਰਾ
ਫ਼ਤਿਹਗੜ੍ਹ ਚੂੜੀਆਂ, 16 ਮਈ
ਨਜ਼ਦੀਕੀ ਪਿੰਡ ਫੱਤੇਵਾਲ ਦੇ ਰਹਿਣ ਵਾਲੇ ਨਵਜੋਤ ਮਸੀਹ (24) ਪੁੱਤਰ ਸਤਨਾਮ ਮਸੀਹ ਨੇ ਜ਼ਹਿਰੀਲੀ ਵਸਤ ਨਿਗਲ ਕੇ ਆਤਮਹੱਤਿਆ ਕਰ ਲਈ ਹੈ। ਉਸ ਦੇ ਪਿਤਾ ਸਤਨਾਮ ਮਸੀਹ ਨੇ ਕਿਹਾ ਕਿ ਉਸ ਦੇ ਬੇਟੇ ਦਾ ਵਿਆਹ ਛੇ ਸਾਲ ਪਹਿਲਾਂ ਮੋਨਿਕਾ ਵਾਸੀ ਉੱਚਾ ਥੜ੍ਹਾ ਪਠਾਨਕੋਟ ਦੇ ਨਾਲ ਹੋਇਆ ਸੀ ਅਤੇ ਮੋਨਿਕਾ ਤੇ ਉਸ ਦੀ ਮਾਂ ਕਥਿਤ ਤੌਰ ’ਤੇ ਨਵਜੋਤ ਮਸੀਹ ਨਾਲ ਅਕਸਰ ਲੜਦੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਨਵਜੋਤ ਦੀ ਪਤਨੀ ਇਕ ਮਹੀਨੇ ਪਹਿਲਾਂ ਵੀ ਲੜ ਕੇ ਚਲੀ ਗਈ ਸੀ ਅਤੇ ਫਿਰ ਅਸੀਂ ਹੱਥ ਜੋੜ ਕੇ ਉਸ ਨੂੰ ਲਿਆਏ ਸੀ। ਉਨ੍ਹਾਂ ਕਿਹਾ ਕਿ ਮੋਨਿਕਾ ਤੇ ਉਸ ਦੀ ਮਾਂ ਨੇ ਨਵਜੋਤ ਨੂੰ ਕਥਿਤ ਤੌਰ ’ਤੇ ਤੰਗ ਕੀਤਾ ਅਤੇ ਬੀਤੇ ਦਿਨ ਮੋਨਿਕਾ ਨੇ ਆਪਣੀ ਮਾਂ ਨੂੰ ਬੁਲਾ ਕੇ ਮੁੜ ਝਗੜਾ ਕੀਤਾ ਤੇ ਨਵਜੋਤ ਮਸੀਹ ਨੇ ਜ਼ਹਿਰੀਲੀ ਵਸਤ ਨਿਗਲ ਕੇ ਆਤਮਹੱਤਿਆ ਕਰ ਲਈ। ਉਸ ਨੂੰ ਹਸਪਤਾਲ ਲਿਜਾਂਦਾ ਗਿਆ ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਐੱਸਐੱਚਓ ਫਤਿਹਗੜ੍ਹ ਚੂੜੀਆਂ ਸੁਖਵਿੰਦਰ ਸਿੰਘ ਨੇ ਕਿਹਾ ਕਿ ਘਟਨਾ ਸਬੰਧੀ ਸੂਚਨਾ ਮਿਲਣ ’ਤੇ ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਨਵਜੋਤ ਮਰ ਚੁੱਕਾ ਸੀ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਪਿਤਾ ਸਤਨਾਮ ਮਸੀਹ ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 306 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਜਲਦ ਹੀ ਕਾਰਵਾਈ ਕੀਤੀ ਜਾਵੇਗੀ।
ਸੜਕ ਹਾਦਸੇ ਵਿੱਚ ਔਰਤ ਦੀ ਮੌਤ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਤੇਜ਼ ਰਫ਼ਤਾਰ ਟਰੱਕ ਨੇ ਸਕੂਟਰ ਸਵਾਰ ਦੋ ਔਰਤਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਕ ਔਰਤ ਦੀ ਮੌਤ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 279, 427 ਅਤੇ 304-ਏ ਹੇਠ ਥਾਣਾ ਕੰਨਟੋਨਮੈਂਟ ਵਿੱਚ ਕੇਸ ਦਰਜ ਕੀਤਾ ਹੈ। ਮ੍ਰਿਤਕ ਔਰਤ ਦੀ ਭੈਣ ਸੁਖਵਿੰਦਰ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ਭੈਣ ਪਰਮਿੰਦਰ ਕੌਰ ਨਾਲ ਸਕੂਟਰ ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਗਈਆਂ ਹੋਈਆਂ ਸਨ। ਇਸ ਦੌਰਾਨ ਨਿੱਕਾ ਸਿੰਘ ਕਲੋਨੀ ਨੇੜੇ ਤੇਜ਼ ਗਤੀ ਨਾਲ ਆ ਰਹੇ ਇਕ ਟਰੱਕ ਨੇ ਸਕੂਟਰ ਨੂੰ ਪਿਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਕਾਰਨ ਉਸ ਦੀ ਭੈਣ ਸਕੂਟਰ ਤੋਂ ਹੇਠਾਂ ਡਿੱਗ ਪਈ ਅਤੇ ਟਰੱਕ ਹੇਠਾਂ ਆ ਗਈ। ਟਰੱਕ ਦਾ ਟਾਇਰ ਉਸ ਦੇ ਉਪਰੋਂ ਲੰਘ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਜਸਪ੍ਰੀਤ ਸਿੰਘ ਉਰਫ ਸੋਨੂੰ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।