ਪਠਾਨਕੋਟ (ਪੱਤਰ ਪ੍ਰੇਰਕ): ਪਤਨੀ ਵੱਲੋਂ ਪੇਕੇ ਜਾਣ ਤੋਂ ਨਾਰਾਜ਼ ਇਕ ਵਿਅਕਤੀ ਨੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ 39 ਸਾਲਾ ਵਿਕਰਮ ਲਲੋਤਰਾ ਵਾਸੀ ਪਿੰਡ ਕਿਲ੍ਹਾ ਜਮਾਲਪੁਰ ਵੱਜੋਂ ਹੋਈ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਤਾ ਸੁਖਵੰਤ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਦਾ 10 ਸਾਲ ਪਹਿਲਾਂ ਗੁਰਦਾਸਪੁਰ ਨੇੜੇ ਵਿਆਹ ਹੋਇਆ ਸੀ, ਪਰ ਉਸ ਦਾ ਲੜਕਾ ਨਸ਼ੇ ਕਰਨ ਦਾ ਆਦੀ ਸੀ ਅਤੇ ਪਤਨੀ ਨਾਲ ਅਕਸਰ ਝਗੜਾ ਚਲਦਾ ਰਹਿੰਦਾ ਸੀ। ਇਕ ਮਹੀਨਾ ਪਹਿਲਾਂ ਵੀ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਤਾਂ ਉਹ ਆਪਣੇ ਲੜਕੇ ਨਾਲ ਪੇਕੇ ਘਰ ਚਲੀ ਗਈ ਸੀ। ਇਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਕਿ ਰਾਤ ਨੂੰ ਉਹ ਖਾਣਾ ਖਾਣ ਤੋਂ ਬਾਅਦ ਵਿਕਰਮ ਦੇ ਕਮਰੇ ’ਚ ਗਈ ਤਾਂ ਦੇਖਿਆ ਕਿ ਵਿਕਰਮ ਨੇ ਕਮਰੇ ’ਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲਿਆ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਹੋਰ ਲੜਕਿਆਂ ਨੂੰ ਬੁਲਾਇਆ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਦੂਜੇ ਪਾਸੇ ਥਾਣਾ ਸਦਰ ਦੀ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਉਣ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।