ਐਨਪੀ ਧਵਨ
ਪਠਾਨਕੋਟ, 15 ਜੂਨ
ਜ਼ਹਿਰੀਲੀ ਵਸਤੂ ਨਿਗਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਉਰਫ ਰਿੰਕੂ ਪੁੱਤਰ ਦਿਲਬਾਗ ਸਿੰਘ ਵਾਸੀ ਸ਼ਾਹ ਕਲੋਨੀ, ਪਠਾਨਕੋਟ ਵਜੋਂ ਹੋਈ ਹੈ। ਉਸ ਨੇ ਜ਼ਹਿਰੀਲੀ ਵਸਤੂ ਨਿਗਲਣ ਸਮੇਂ ਆਡੀਓ ਬਣਾ ਕੇ ਆਪਣੇ ਦੋਸਤਾਂ ਨੂੰ ਭੇਜੀ ਜਿਸ ਵਿੱਚ ਉਹ ਕਹਿ ਰਿਹਾ ਸੀ ਕਿ ਉਹ ਆਪਣੇ ਸਹਿਯੋਗੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਰਿਹਾ ਹੈ। ਇਹ ਆਡੀਓ ਮ੍ਰਿਤਕ ਦੇ ਭੂਆ ਦੇ ਲੜਕੇ ਬਲਵਿੰਦਰ ਸਿੰਘ ਨੇ ਪੁਲੀਸ ਨੂੰ ਦਿੱਤੀ ਅਤੇ ਦੋਸ਼ ਲਗਾਇਆ ਕਿ ਉਸ ਦੇ ਭਰਾ ਦੀ ਮੌਤ ਦਾ ਕਾਰਨ ਰਾਕੇਸ਼ ਕੁਮਾਰ ਵਾਸੀ ਅੰਗੂਰਾ ਵਾਲਾ ਬਾਗ, ਪਠਾਨਕੋਟ ਹੈ।
ਆਡੀਓ ਅਤੇ ਭੂਆ ਦੇ ਲੜਕੇ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਨੇ ਰਾਕੇਸ਼ ਕੁਮਾਰ ਖਿਲਾਫ ਧਾਰਾ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਦਿੱਤਾ। ਇਹ ਮਾਮਲਾ ਵਾਸੀ ਸ਼ਾਹ ਕਲੋਨੀ ਪਠਾਨਕੋਟ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਰਿਸ਼ਤੇ ਵਜੋਂ ਭਰਾ ਲੱਗਦਾ ਹਰਜਿੰਦਰ ਸਿੰਘ ਉਰਫ ਰਿੰਕੂ ਵਾਸੀ ਸ਼ਾਹ ਕਲੋਨੀ ਪਠਾਨਕੋਟ, ਟਰੈਕਟਰ-ਟਰਾਲੀ ਉੱਪਰ ਰੇਤਾ-ਬੱਜਰੀ ਢੋਣ ਦਾ ਕੰਮ ਕਰਦਾ ਸੀ। ਰਾਕੇਸ਼ ਕੁਮਾਰ ਵਾਸੀ ਅੰਗੂਰਾ ਵਾਲਾ ਬਾਗ ਵੀ ਉਸ ਨਾਲ ਕੰਮ ਕਰਨ ਲੱਗ ਪਿਆ। ਬਾਅਦ ਵਿੱਚ ਰਾਕੇਸ਼ ਕੁਮਾਰ ਨੇ ਆਪਣਾ ਕੰਮ ਵੱਖ ਕਰ ਲਿਆ ਅਤੇ ਉਸ ਦੇ ਭਰਾ ਨੂੰ ਕੰਮ ਵਿੱਚ ਘਾਟਾ ਹੋ ਗਿਆ ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ। ਰਾਕੇਸ਼ ਕੁਮਾਰ ਵੱਲੋਂ ਉਸ ਨੂੰ ਤੰਗ ਕੀਤੇ ਜਾਣ ’ਤੇ ਰਾਤ ਨੂੰ ਹਰਜਿੰਦਰ ਸਿੰਘ ਉਰਫ ਰਿੰਕੂ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ। ਜਦ ਸਵੇਰੇ 5 ਵਜੇ ਉਸ ਦੀ ਪਤਨੀ ਰਾਜਵਿੰਦਰ ਕੌਰ ਨੇ ਦੇਖਿਆ ਤਾਂ ਹਰਜਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ।
ਬੇਰੁਜ਼ਗਾਰ ਹੋਣ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
ਪਠਾਨਕੋਟ: ਪਿੰਡ ਛੋਟੇਪੁਰ ਵਿੱਚ ਲੰਘੀ ਰਾਤ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਜਨ (20) ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਛੋਟੋਪੁਰ ਵਜੋਂ ਹੋਈ। ਮ੍ਰਿਤਕ ਦੇ ਵੱਡੇ ਭਰਾ ਸਾਜਨ ਨੇ ਦੱਸਿਆ ਕਿ ਘਰ ਵਿੱਚ ਸਿਰਫ਼ ਰਾਜਨ ਹੀ ਮੌਜੂਦ ਸੀ। ਰਾਤ 9 ਵਜੇ ਦੇ ਕਰੀਬ ਜਦੋਂ ਉਸ ਦੀ ਮਾਤਾ ਵਾਪਸ ਆਈ ਤਾਂ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਨਾ ਖੁੱਲ੍ਹਿਆ। ਇਸ ਤੋਂ ਬਾਅਦ ਉਹ ਦਰਵਾਜ਼ਾ ਤੋੜ ਕੇ ਜਦੋਂ ਅੰਦਰ ਗਏ ਤਾਂ ਉੱਥੇ ਰਾਜਨ ਪੱਖੇ ਨਾਲ ਲਟਕ ਰਿਹਾ ਸੀ ਜਿਸ ਨੂੰ ਉਤਾਰ ਕੇ ਸਿਵਲ ਹਸਪਤਾਲ ਪਠਾਨਕੋਟ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਰਪੰਚ ਦਾ ਕਹਿਣਾ ਸੀ ਕਿ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਪਰ ਕਰੋਨਾ ਕਾਲ ਕਾਰਨ ਉਹ ਬੇਰੁਜ਼ਗਾਰ ਸੀ ਅਤੇ ਮਾਨਸਿਕ ਤੌਰ ਤੋਂ ਪ੍ਰੇਸ਼ਾਨ ਹੋਣ ਕਾਰਨ ਉਸ ਨੇ ਇਹ ਕਦਮ ਚੁੱਕ ਲਿਆ। ਸੁਜਾਨਪੁਰ ਦੀ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਪੋਸਟ ਮਾਰਟਮ ਕਰਵਾਉਣ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।