ਸੁਖਦੇਵ ਸਿੰਘ ਸੁੱਖ
ਅਜਨਾਲਾ, 1 ਸਤੰਬਰ
ਗੰਨਾ ਕਾਸ਼ਤਕਾਰਾਂ ਨੇ ਬਕਾਇਆ ਰਾਸ਼ੀ ਅਤੇ ਹੋਰ ਭਖ਼ਦੀਆਂ ਮੰਗਾਂ ਸਬੰਧੀ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਵਿੱਚ ਖੰਡ ਮਿੱਲ ਭਲਾ ਪਿੰਡ ਦੇ ਗੇਟ ਮੂਹਰੇ ਵੱਡੀ ਗਿਣਤੀ ਕਿਸਾਨਾਂ ਨੇ ਧਰਨਾ ਲਾ ਦਿੱਤਾ। ਇਸ ਮੌਕੇ ਰੋਸ ’ਚ ਆਏ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਅਜਨਾਲਾ ਨੇ ਕਿਹਾ ਕਿ ਗੰਨੇ ਦੀ ਫ਼ਸਲ ਖੇਤੀ ਸੁਧਾਰਾਂ ਅਤੇ ਫਸਲੀ ਵਿਭਿੰਨਤਾ ਵਿਚ ਵੱਡਾ ਯੋਗਦਾਨ ਪਾਉਂਦਿਆਂ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਵਾਤਾਵਰਨ ਨੂੰ ਸਹੀ ਰੱਖਣ ਵਿੱਚ ਅਹਿਮ ਰੋਲ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੇ ਵੱਡੀ ਗਿਣਤੀ ਵਿੱਚ ਗੰਨੇ ਦੀ ਪੈਦਾਵਾਰ ਕੀਤੀ ਪਰ ਗ਼ਲਤ ਨੀਤੀਆਂ ਕਾਰਨ ਕਿਸਾਨਾਂ ਦਾ ਕਰੋੜਾਂ ਰੁਪਏ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵੱਲ ਰੁਕਿਆ ਪਿਆ ਹੈ। ਇਸੇ ਤਰ੍ਹਾਂ ਸਹਿਕਾਰੀ ਖੰਡ ਮਿੱਲ ਭਲਾ ਪਿੰਡ ਵਿੱਚ ਕਿਸਾਨਾਂ ਦਾ 6 ਕਰੋੜ 78 ਲੱਖ ਰੁਪਇਆ ਅਜੇ ਵੀ ਬਕਾਇਆ ਖੜਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਗੰਨੇ ਦੇ ਬਕਾਏ ਗੰਨਾ ਕੰਟਰੋਲ ਆਰਡਰ 1966 ਤਹਿਤ 15 ਪ੍ਰਤੀਸ਼ਤ ਵਿਆਜ ਸਮੇਤ ਕਿਸਾਨਾਂ ਨੂੰ ਦਿੱੱਤੇ ਜਾਣ, ਗੰਨੇ ਦੀ ਕਾਸ਼ਤ ’ਤੇ ਵਧੇ ਖਰਚਿਆਂ ਅਨੁਸਾਰ ਇਸ ਸਾਲ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਇਸ ਰੋਸ ਧਰਨੇ ਨੂੰ ਬੀਬੀ ਅਜੀਤ ਕੌਰ, ਟਹਿਲ ਸਿੰਘ ਚੇਤਨਪੁਰਾ, ਗੁਰਭੇਜ ਸਿੰਘ ਮਾਕੋਵਾਲ, ਸਤਨਾਮ ਸਿੰਘ ਚੱਕ ਔਲ, ਰਾਜਿੰਦਰ ਸਿੰਘ ਭਲਾ ਪਿੰਡ, ਬਲਕਾਰ ਸਿੰਘ, ਤਰਸੇਮ ਸਿੰਘ ਅਤੇ ਸੁਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।