10908303CD _9KPTCHANA1
ਗੁਰਬਖਸ਼ਪੁਰੀ
ਤਰਨ ਤਾਰਨ, 9 ਅਗਸਤ
ਸੂਬੇ ਅੰਦਰ ‘ਦੀ ਪੰਜਾਬ ਮੋਟਰ ਯੂਨੀਅਨ’ ਦੇ ਸੱਦੇ ’ਤੇ ਅੱਜ ਪ੍ਰਾਈਵੇਟ ਬੱਸਾਂ ਵਾਲਿਆਂ ਵਲੋਂ ਕੀਤੀ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ| ਸੜਕਾਂ ’ਤੇ ਇਕ ਵੀ ਪ੍ਰਾਈਵੇਟ ਬੱਸ ਦਿਖਾਈ ਨਹੀਂ ਦਿੱਤੀ| ਹੜਤਾਲੀ ਬੱਸਾਂ ਵਾਲਿਆਂ ਨੇ ਆਪਣੀਆਂ ਬੱਸਾਂ ਰੋਕ ਕੇ ਤਰਨ ਤਾਰਨ ਬੱਸ ਅੱਡੇ ਅੰਦਰ ਰੋਸ ਧਰਨਾ ਦਿੱਤਾ| ਧਰਨਾਕਾਰੀਆਂ ਨੂੰ ਬੱਸਾਂ ਵਾਲਿਆਂ ਦੇ ਆਗੂ ਸੁਬੇਗ ਸਿੰਘ ਧੁੰਨ, ਜਗਜੀਤ ਸਿੰਘ, ਸੁਖਦੀਪ ਸਿੰਘ, ਕੁਲਦੀਪ ਸਿੰਘ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ| ਬੁਲਾਰਿਆਂ ਦੋਸ਼ ਲਗਾਇਆ ਕਿ ਸਮੇਂ ਦੀ ਪਹਿਲੀ ਸਰਕਾਰ ਵੱਲੋਂ ਆਪਣੇ ਰਾਜਸੀ ਹਿੱਤਾਂ ਨੂੰ ਅੱਗੇ ਰੱਖਦਿਆਂ ਔਰਤਾਂ ਨੂੰ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਸਫਰ ਦੀ ਸਹੂਲਤ ਦੇਣ ਨਾਲ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਡਾਢਾ ਨੁਕਸਾਨ ਹੋ ਰਿਹਾ ਹੈ| ਉਨ੍ਹਾਂ ਮੰਗ ਕੀਤੀ ਇਕ ਔਰਤਾਂ ਨੂੰ ਪ੍ਰਾਈਵੇਟ ਬੱਸਾਂ ਵਿੱਚ ਵੀ ਮੁਫਤ ਸਫਰ ਕਰਵਾਉਣ ਲਈ ਉਨ੍ਹਾਂ ਨੂੰ ਵੀ ਟੋਕਨ ਦਿੱਤੇ ਜਾਣ| ਇਸ ਮੌਕੇ ਹੋਰ ਮੰਗਾਂ ਦਾ ਵੀ ਜ਼ਿਕਰ ਕੀਤਾ ਗਿਆ।
ਟਾਂਡਾ (ਸੁਰਿੰਦਰ ਗੋਰਾਇਆ): ਪੰਜਾਬ ਮੋਟਰ ਯੂਨੀਅਨ ਅਤੇ ਮਿੰਨੀ ਬੱਸ ਆਪਰੇਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਸੂਬੇ ਭਰ ਵਿੱਚ ਬੱਸਾਂ ਬੰਦ ਰੱਖਣ ਦੇ ਸੱਦੇ ਤੇ ਇਥੋਂ ਦੇ ਬੱਸ ਅੱਡੇ ’ਤੇ ਨਿੱਜੀ ਕੰਪਨੀਆਂ ਦੀਆਂ ਬੱਸਾਂ ਖੜ੍ਹੀਆਂ ਰਹੀਆਂ ਅਤੇ ਪੇਂਡੂ ਸੰਪਰਕ ਸੜਕਾਂ ਤੇ ਵੀ ਕੋਈ ਵੀ ਮਿੰਨੀ ਬੱਸ ਨਹੀਂ ਚੱਲੀ। ਇਸ ਕਾਰਨ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਦਸੂਹਾ (ਭਗਵਾਨ ਦਾਸ ਸੰਦਲ): ਇਥੇ ਅੱਜ ਪ੍ਰਾਈਵੇਟ ਅਤੇ ਮਿੰਨੀ ਬੱਸਾਂ ਦੀਆਂ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਬੱਸਾਂ ਬੰਦ ਰੱਖਣ ਦੇ ਦਿੱਤੇ ਸੱਦੇ ’ਤੇ ਦਸੂਹਾ ਬੱਸ ਅੱਡੇ ਤੋਂ ਚੱਲਣ ਵਾਲੀਆਂ ਨਿੱਜੀ ਵੱਡੀਆਂ ਅਤੇ ਮਿੰਨੀ ਬੱਸਾਂ ਮੁਕੰਮਲ ਬੰਦ ਰਹੀਆਂ । ਸਰਕਾਰੀ ਬੱਸਾਂ ਜਲੰਧਰ-ਪਠਾਨਕੋਟ ਕੌਮੀ ਮਾਰਗ ਅਤੇ ਹੁਸ਼ਿਆਰਪੁਰ ਰਾਜ ਮਾਰਗ ’ਤੇ ਹੀ ਚੱਲ ਰਹੀਆਂ ਸਨ । ਜਦੋਂਕਿ ਤਲਵਾੜਾ, ਹਾਜੀਪੁਰ, ਕਮਾਹੀ ਦੇਵੀ, ਬੇਗੋਵਾਲ ਆਦਿ ਪੇਂਡੂ ਰੂਟਾਂ ’ਤੇ ਕੋਈ ਬੱਸ ਨਾ ਚੱਲਣ ਕਾਰਨ ਮੁਸਾਫਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ। ਨਿੱਜੀ ਬੱਸ ਮਾਲਕ ਜਸਬੀਰ ਸਿੰਘ, ਤਜਿੰਦਰ ਸਿੰਘ, ਗੁਰਬਿੰਦਰ ਸਿੰਘ ਭਿੰਡਰ, ਬਲਵਿੰਦਰ ਚਾਵਲਾ ਸਮੇਤ ਹੋਰਨਾਂ ਨਿੱਜੀ ਬੱਸ ਅਪਰੇਟਰਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਉਪ ਮੰਡਲ ਮੈਜਿਸਟਰੇਟ ਦਸੂਹਾ ਹਰਬੰਸ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ ।
ਫਗਵਾੜਾ (ਜਸਬੀਰ ਸਿੰਘ ਚਾਨਾ): ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ’ਚ ਮਹਿਲਾਵਾ ਨੂੰ ਮੁਫ਼ਤ ਸਹੂਲਤ ਦਿੱਤੇ ਜਾਣ ਕਾਰਨ ਆਰਥਿਕ ਸੰਸੰਕਟ ਦਾ ਸ਼ਿਕਾਰ ਹੋਏ ਨਿੱਜੀ ਬੱਸ ਅਪਰੇਟਰਾਂ ਨੇ ਅੱਜ ਬੱਸ ਸਟੈਂਡ ਵਿੱਚ ਰੋਸ ਧਰਨਾ ਦਿੱਤਾ ਤੇ ਬੱਸਾਂ ਪੂਰਨ ਤੌਰ ’ਤੇ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪ੍ਰਾਈਵੇਟ ਟਰਾਂਸਪੋਰਟ ਦਾ ਪਹਿਲਾਂ ਹੀ ਮੰਦਾ ਹਾਲ ਹੈ ਤੇ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਬੱਸ ਅਪਰੇਟਰਾਂ ਦਾ ਬੁਰਾ ਹਾਲ ਹੋ ਰਿਹਾ ਹੈ ਤੇ ਹੁਣ ਉਹ ਦੁਖੀ ਹੋ ਕੇ ਬੱਸਾਂ ਵੇਚਣ ਲਈ ਤਿਆਰ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਪੀਆਰਟੀਸੀ ਤੇ ਪਨਬੱਸ ਨੂੰ ਫੰਡ ਭੇਜਦੀ ਹੈ ਉਸੇ ਤਰ੍ਹਾਂ ਪ੍ਰਾਈਵੇਟ ਬੱਸ ਅਪਰੇਟਰਾ ਨੂੰ ਵੀ ਫ਼ੰਡ ਭੇਜੇ ਤਾਂ ਜੋ ਉਹ ਵੀ ਆਧਾਰ ਕਾਰਡ ’ਤੇ ਸਵਾਰੀਆਂ ਨੂੰ ਸਫ਼ਰ ਕਰਵਾ ਸਕਣ ਤੇ ਉਹ ਆਰਥਿਕ ਸੰਕਟ ’ਚੋਂ ਬਾਹਰ ਨਿਕਲ ਸਕਣ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤੇ ਉਹ ਪੂਰੇ ਪੰਜਾਬ ’ਚ ਜਲਦ ਅਣਮਿੱਥੇ ਸਮੇਂ ਲਈ ਸੰਘਰਸ਼ ਸ਼ੁਰੂ ਕਰਨਗੇ।