ਨਿੱਜੀ ਪੱਤਰ ਪ੍ਰੇਰਕ
ਬਟਾਲਾ, 18 ਮਈ
ਐੱਸਡੀਐੱਮ ਬਟਾਲਾ-ਕਮ-ਚੇਅਰਪਰਸਨ ਨਗਰ ਸੁਧਾਰ ਟਰੱਸਟ ਸ਼ਾਇਰੀ ਭੰਡਾਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰ ਵਿੱਚ ਟਰੱਸਟ ਦੀਆਂ ਸਾਰੀਆਂ ਜਾਇਦਾਦਾਂ ਉੱਪਰ ਨਜ਼ਰਸਾਨੀ ਕੀਤੀ ਜਾਵੇ ਤੇ ਜੇ ਕਿਸੇ ਵਿਅਕਤੀ ਦਾ ਟਰੱਸਟ ਦੀ ਜਾਇਦਾਦ ਉੱਪਰ ਨਜਾਇਜ਼ ਕਬਜ਼ਾ ਹੈ ਤਾਂ ਛੁਡਾਇਆ ਜਾਵੇ। ਉਨ੍ਹਾਂ ਕਿਹਾ ਕਿ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਸਖ਼ਤੀ ਨਾਲ ਸ਼ੁਰੂ ਕੀਤਾ ਜਾਵੇ। ਉਹ ਅੱਜ ਆਪਣੇ ਦਫ਼ਤਰ ਵਿੱਚ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਈਓ ਜਤਿੰਦਰ ਸਿੰਘ, ਲੇਖਾਕਾਰ ਹਰਪ੍ਰੀਤ ਕੌਰ, ਸੁਪਰਡੈਂਟ ਪਵਨ ਕੁਮਾਰ ਵੀ ਹਾਜ਼ਰ ਸਨ। ਚੇਅਰਪਰਸਨ ਸ੍ਰੀਮਤੀ ਭੰਡਾਰੀ ਨੇ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਟਰੱਸਟ ਦੀਆਂ ਜਾਇਦਾਦਾਂ ਸਬੰਧੀ ਸਾਰਾ ਬਿਓਰਾ ਤਿਆਰ ਕੀਤਾ ਜਾਵੇ। ਇਸ ਦੇ ਨਾਲ ਹੀ ਇਹ ਨਿਸ਼ਾਨਦੇਹੀ ਕੀਤੀ ਜਾਵੇ ਕਿ ਕਿਸੇ ਵਿਅਕਤੀ ਦਾ ਟਰੱਸਟ ਦੀ ਜਾਇਦਾਦ ਉੱਪਰ ਨਾਜ਼ਾਇਜ ਕਬਜ਼ਾ ਤਾਂ ਨਹੀਂ ਹੈ।