ਪੱਤਰ ਪ੍ਰੇਰਕ
ਤਰਨ ਤਾਰਨ, 18 ਅਪਰੈਲ
ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਕੱਲ੍ਹ ਮਾਰੇ ਛਾਪਿਆਂ ਦੌਰਾਨ 40,500 ਐੱਮਐੱਲ ਨਾਜਾਇਜ਼ ਸ਼ਰਾਬ ਤੇ 350 ਲਿਟਰ ਲਾਹਣ ਬਰਾਮਦ ਕੀਤਾ ਹੈ। ਇਸ ਸਬੰਧੀ ਪੁਲੀਸ ਨੇ ਦੱਸਿਆ ਚਾਰ ਜਣੇ ਗ੍ਰਿਫ਼ਤਾਰ ਕੀਤੇ ਹਨ ਅਤੇ ਤਿੰਨ ਫ਼ਰਾਰ ਹੋ ਗਏ| ਜਾਣਕਾਰੀ ਅਨੁਸਾਰ ਖਾਲੜਾ ਪੁਲੀਸ ਨੇ ਪਿੰਡ ਕੰਬੋਕੇ ਵਾਸੀ ਸੁਖਦੇਵ ਸਿੰਘ ਨੂੰ 6750 ਐੱਮਐੱਲ ਸ਼ਰਾਬ ਅਤੇ ਸਰਹਾਲੀ ਪੁਲੀਸ ਨੇ ਪਿੰਡ ਦਦੇਹਰ ਸਾਹਿਬ ਵਾਸੀ ਜਗਦੀਪ ਸਿੰਘ ਨੂੰ 50 ਲਿਟਰ ਲਾਹਣ ਸਣੇ ਗ੍ਰਿਫ਼ਤਾਰ ਕੀਤਾ ਹੈ| ਥਾਣਾ ਸਿਟੀ ਤਰਨ ਤਾਰਨ ਦੀ ਪੁਲੀਸ ਨੇ ਸ਼ਹਿਰ ਦੇ ਮੁਹੱਲਾ ਜਸਵੰਤ ਸਿੰਘ ਦੇ ਵਾਸੀ ਗੌਤਮ ਦੇ ਘਰੋਂ 22,500 ਐੱਮਐੱਲ ਨਾਜਾਇਜ਼ ਸ਼ਰਾਬ ਮਿਲਣ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ| ਵੈਰੋਵਾਲ ਪੁਲੀਸ ਨੂੰ ਪਿੰਡ ਵੈਰੋਵਾਲ ਬਾਵਿਆਂ ਵਾਸੀ ਸੁਖਦੇਵ ਸਿੰਘ ਦੇ ਘਰੋਂ 11,250 ਐੱਮਐੱਲ ਨਾਜਾਇਜ਼ ਸ਼ਰਾਬ ਬਰਾਮਦ ਹੋਈ| ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ| ਇਸ ਤੋਂ ਇਲਾਵਾ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਲਹੀਆਂ ਵਾਸੀ ਸੁਖਵਿੰਦਰ ਸਿੰਘ ਸੰਨੀ ਤੇ ਹਰਦੀਪ ਸਿੰਘ ਦੇ ਘਰੋਂ ਤੋਂ 220 ਲਿਟਰ ਲਾਹਣ ਬਰਾਮਦ ਕੀਤਾ ਤੇ ਮੁਲਜ਼ਮ ਫ਼ਰਾਰ ਹੋ ਗਏ| ਝਬਾਲ ਪੁਲੀਸ ਨੇ ਇਲਾਕੇ ਦੇ ਪਿੰਡ ਪੰਡੋਰੀ ਰਣ ਸਿੰਘ ਵਾਸੀ ਜਰਮਨਜੀਤ ਸਿੰਘ ਦੇ ਘਰੋਂ 80 ਲਿਟਰ ਲਾਹਣ ਬਰਾਮਦ ਕੀਤਾ ਪਰ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ|