ਐਨਪੀ ਧਵਨ
ਪਠਾਨਕੋਟ, 19 ਅਪਰੈਲ
ਪਠਾਨਕੋਟ-ਜਲੰਧਰ ਰੇਲ ਸੈਕਸ਼ਨ ਵਿੱਚ ਰਾਜਧਾਨੀ ਰੇਲ ਗੱਡੀ ਦੇ ਥੱਲੇ ਪਸ਼ੂ ਆਉਣ ਤੋਂ ਬਾਅਦ ਰੇਲ ਇੰਜਣ ਦੀ ਬੈਟਰੀ ਵਿੱਚ ਤਕਨੀਕੀ ਖਰਾਬੀ ਪੈ ਗਈ ਜਿਸ ਕਾਰਨ ਕਰੀਬ 4:30 ਘੰਟੇ ਤੱਕ ਪਠਾਨਕੋਟ-ਜਲੰਧਰ ਰੇਲ ਸੈਕਸ਼ਨ ’ਤੇ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ। ਰੇਲ ਸੈਕਸ਼ਨ ਰੁਕਿਆ ਹੋਣ ਕਾਰਨ ਰਾਜਧਾਨੀ ਸਮੇਤ 8 ਰੇਲ ਗੱਡੀਆਂ ਲੇਟ ਹੋ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਜੰਮੂ ਤਵੀ ਜਾਣ ਵਾਲੀ ਰਾਜਧਾਨੀ ਐਕਸਪ੍ਰੈਸ (ਅੱਪ) ਪਿੱਛੇ ਤੋਂ ਹੀ ਇੱਕ ਘੰਟਾ ਦੇਰੀ ਨਾਲ ਚੱਲ ਰਹੀ ਸੀ। ਰੇਲ ਗੱਡੀ ਜਿਉਂ ਹੀ ਸਵੇਰੇ ਕਰੀਬ 4:30 ਵਜੇ ਉਚੀ ਬੱਸੀ ਰੇਲਵੇ ਸਟੇਸ਼ਨ ਕੋਲ ਪੁੱਜੀ ਤਾਂ ਅਚਾਨਕ ਅੱਗੇ ਕੋਈ ਪਸ਼ੂ ਆ ਗਿਆ ਜਿਸ ਕਾਰਨ ਡਰਾਈਵਰ ਨੂੰ ਅਚਾਨਕ ਬਰੇਕ ਲਗਾਉਣੀ ਪਈ। ਇਸ ਨਾਲ ਇੰਜਣ ਵਿੱਚ ਦਿੱਕਤ ਆ ਗਈ। ਇਸ ’ਤੇ ਸਟੇਸ਼ਨ ਮਾਸਟਰ ਨੇ ਫਿਰੋਜ਼ਪੁਰ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪਠਾਨਕੋਟ ਲੋਕੋ ਤੋਂ ਇੰਜਣ ਭੇਜ ਕੇ ਰੇਲ ਨੂੰ ਅੱਗੇ ਤੋਰਿਆ ਗਿਆ। ਇਸ ਤਰ੍ਹਾਂ ਨਾਲ ਇਹ ਗੱਡੀ 4 ਘੰਟੇ ਲੇਟ ਹੋ ਗਈ। ਰੇਲ ਟਰੈਕ ਰੁਕਿਆ ਹੋਣ ਕਾਰਨ ਬਾਕੀ ਰੇਲ ਗੱਡੀਆਂ ਵਿੱਚ ਬੇਗਮਪੁਰਾ ਐਕਸਪ੍ਰੈਸ 4:05 ਘੰਟੇ, ਮੋਰਧਵਜ ਸੁਪਰਫਾਸਟ 2:15 ਘੰਟੇ, ਹਿਮਗਿਰੀ ਐਕਸਪ੍ਰੈਸ 1:30 ਘੰਟਾ, ਪੂਜਾ ਸੁਪਰਫਾਸਟ 2 ਘੰਟੇ, ਜੰਮੂ ਮੇਲ 4 ਘੰਟੇ, ਸੰਪਰਕ ਕ੍ਰਾਂਤੀ 4 ਘੰਟੇ ਅਤੇ ਜਿਹਲਮ ਐਕਸਪ੍ਰੈਸ 4 ਘੰਟੇ ਲੇਟ ਹੋਈਆਂ।