ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਜਨਵਰੀ
ਬੀਆਰਟੀਐੱਸ ਮੈਟਰੋ ਬੱਸ ਸੇਵਾ ਜੋ 20 ਨਵੰਬਰ ਤੋਂ ਬੰਦ ਸੀ, ਦੀਆਂ ਕੁਝ ਬੱਸਾਂ ਅੱਜ ਮੁੜ ਕਈ ਰੂਟਾਂ ’ਤੇ ਚੱਲ ਪਈਆਂ ਹਨ। ਤਨਖਾਹਾਂ ਵਿੱਚ ਵਾਧੇ ਅਤੇ ਹੋਰ ਮੰਗਾਂ ਨੂੰ ਲੈ ਕੇ ਕਰਮਚਾਰੀਆਂ ਦੀ ਜਥੇਬੰਦੀ ਬੀਆਰਟੀਐੱਸ ਐਂਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪਿਛਲੇ 35 ਦਿਨਾਂ ਤੋਂ ਬੀਆਰਟੀਐੱਸ ਟਰਮੀਨਲ ਵੇਰਕਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਵੀਹ ਨਵੰਬਰ ਤੋਂ ਇਹ ਬੱਸ ਸੇਵਾ ਬੰਦ ਪਈ ਸੀ। ਅੱਜ ਕੁਝ ਰੂਟਾਂ ’ਤੇ ਇਹ ਬੱਸ ਸੇਵਾ ਮੁੜ ਸ਼ੁਰੂ ਹੋ ਗਈ ਹੈ ਅਤੇ ਲਗਪਗ 50 ਬੱਸਾਂ ਚੱਲ ਰਹੀਆਂ ਹਨ। ਪਰ ਸਮੁੱਚੀ ਬੱਸ ਸੇਵਾ ਹੁਣ ਤੱਕ ਸ਼ੁਰੂ ਨਹੀਂ ਹੋਈ ਹੈ । ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਬੀਆਰਟੀਐੱਸ ਕਰਮਚਾਰੀਆਂ ਦੀ ਜਥੇਬੰਦੀ ਵੱਲੋਂ ਮੀਡੀਆ ਨਾਲ ਗੱਲ ਕਰਨ ਤੋਂ ਗੁਰੇਜ਼ ਕੀਤਾ ਗਿਆ ਹੈ। ਪਤਾ ਲੱਗਾ ਕਿ ਇਸ ਫ਼ੈਸਲੇ ਤੋਂ ਬੱਸ ਚਾਲਕ ਸੰਤੁਸ਼ਟ ਨਹੀਂ ਹਨ।