ਗੁਰਬਖਸ਼ਪੁਰੀ
ਤਰਨ ਤਾਰਨ, 4 ਮਈ
ਕਣਕ ਦੇ ਨਾੜ ਨੂੰ ਖੇਤਾਂ ਵਿੱਚ ਲੱਗੀ ਅੱਗ ਇੱਕ ਵਿਅਕਤੀ ਦੀ ਜਾਨ ਲੈ ਗਈ ਅਤੇ ਇਕ ਹੋਰ ਜ਼ਿੰਦਗੀ-ਮੌਤ ਵਿਚਾਲੇ ਲੜਾਈ ਲੜ ਰਿਹਾ ਹੈ ਜਿਸ ਦੀ ਅੱਜੇ ਤੱਕ ਪਛਾਣ ਨਹੀਂ ਕੀਤੀ ਜਾ ਸਕੀ| ਹਾਦਸੇ ਦੇ ਮ੍ਰਿਤਕ ਦੀ ਸ਼ਨਾਖਤ ਤਰਨ ਤਾਰਨ ਦੇ ਨੇੜਲੇ ਪਿੰਡ ਜੋਧਪੁਰ ਦੇ ਵਾਸੀ ਸੁਖਵਿੰਦਰ ਸਿੰਘ (50) ਦੇ ਤੌਰ ਉੱਤੇ ਹੋਈ ਹੈ| ਉਹ ਏਸੀ ਮਕੈਨਿਕ ਸੀ ਅਤੇ ਉਹ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਸੋਮਵਾਰ ਨੂੰ ਸਵੇਰ ਵੇਲੇ ਤਰਨ ਤਾਰਨ ਤੋਂ ਚੋਹਲਾ ਸਾਹਿਬ ਨੂੰ ਕਿਸੇ ਦੇ ਏਸੀ ਦੀ ਮੁਰੰਮਤ ਲਈ ਆਪਣੇ ਮੋਟਰਸਾਈਕਲ ਉੱਤੇ ਜਾ ਰਿਹਾ ਸੀ| ਰਾਹ ਵਿੱਚ ਵਰ੍ਹਿਆਂ ਪਿੰਡ ਨੇੜੇ ਕਣਕ ਦੇ ਖੇਤਾਂ ਵਿੱਚ ਨਾੜ ਨੂੰ ਲੱਗੀ ਅੱਗ ਦੇ ਗਹਿਰੇ ਧੁੰਏ ਤੋਂ ਆਪਣਾ ਬਚਾਅ ਕਰਨ ਲਈ ਉਹ ਸੜਕ ਕਿਨਾਰੇ ਖੜ੍ਹਾ ਹੋ ਗਿਆ| ਇੰਨੇ ਨੂੰ ਉਸ ਦੇ ਸਾਹਮਣੇ ਤੋਂ ਆ ਰਹੇ ਇਕ ਹੋਰ ਮੋਟਰ ਸਾਈਕਲ ਚਾਲਕ ਨੂੰ ਕਣਕ ਦੇ ਨਾੜ ਨੂੰ ਲੱਗੀ ਅੱਗ ਦੇ ਧੁੰਏ ਕਰਕੇ ਕੁਝ ਵੀ ਦਿਖਾਈ ਨਾ ਦੇਣ ਕਰਕੇ ਉਹ ਸੁਖਵਿੰਦਰ ਸਿੰਘ ਨਾਲ ਟਕਰਾ ਗਿਆ| ਦੋਵੇਂ ਗੰਭੀਰ ਜ਼ਖ਼ਮੀ ਹੋ ਗਏ| ਸੁਖਵਿੰਦਰ ਸਿੰਘ ਤਰਨ ਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸਿ਼ਲਿਟੀ ਹਸਪਤਾਲ ਦਾਖਲ ਸੀ| ਉਹ ਉੱਥੇ ਦਮ ਤੋੜ ਗਿਆ| ਸੁਖਵਿੰਦਰ ਸਿੰਘ ਦੇ ਲੜਕੇ ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਚੋਹਲਾ ਸਾਹਿਬ ਪੁਲੀਸ ਨੇ ਉਸ ਦੇ ਬਿਆਨਾਂ ’ਤੇ ਦਫ਼ਾ 174 ਅਧੀਨ ਇਕ ਰਿਪੋਰਟ ਦਰਜ ਕੀਤੀ ਹੈ| ਚੋਹਲਾ ਸਾਹਿਬ ਦੇ ਥਾਣਾ ਮੁਖੀ ਸਬ ਇੰਸਪੈਕਟਰ ਕੁਲਵੰਤ ਸਿੰਘ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ| ਥਾਣੇ ਦੇ ਮੁੱਖ ਮੁਨਸ਼ੀ ਤਰਸੇਮ ਸਿੰਘ ਨੇ ਕਿਹਾ ਕਿ ਉਸ ਨੂੰ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ|