ਸੁਖਦੇਵ ਸਿੰਘ ਸੁੱਖ
ਅਜਨਾਲਾ, 29 ਅਕਤੂਬਰ
ਪੰਜਾਬ ਦੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਉਤਸ਼ਾਹਿਤ ਕਰਨ ਮੌਕੇ ਕਿਹਾ ਕਿ ਸੂਬੇ ਦੇ ਦੋ ਤੋਂ ਪੰਜ ਏਕੜ ਜ਼ਮੀਨ ਦੇ ਮਾਲਕ ਛੋਟੇ ਕਿਸਾਨਾਂ ਨੂੰ ਹੁਣ ਪੰਜਾਬ ਸਰਕਾਰ ਹੈਪੀ ਸੀਡਰ ਦੀ ਸਹੂਲਤ ਮੁਫਤ ਦੇਵੇਗੀ ਅਤੇ ਛੋਟਾ ਕਿਸਾਨ ਟਰੈਕਟਰ ਦੇ ਤੇਲ ਦਾ ਖਰਚਾ ਕਰ ਕੇ ਆਪਣੀ ਕਣਕ ਬੀਜ ਸਕਦਾ ਹੈ। ਵੱਡੇ ਕਿਸਾਨਾਂ ਨੇ ਤਾਂ ਸਬਸਿਡੀ ’ਤੇ ਖੇਤੀ ਸੰਦ ਲੈ ਲਏ ਹਨ ਪਰ ਛੋਟੇ ਕਿਸਾਨਾਂ ਦੀ ਸਮੱਸਿਆ ਨੂੰ ਦੇਖਦਿਆਂ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜਿਸ ਤਹਿਤ ਸਾਰੇ ਬਲਾਕਾਂ ਅੰਦਰ ਸਰਕਾਰੀ ਸੰਦ ਪਹੁੰਚ ਜਾਣਗੇ।
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਪਰਾਲੀ ਨੂੰ ਸਾੜੇ ਬਿਨਾਂ ਇਸ ਦੇ ਨਿਪਟਾਰੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਜਿਸ ਤਹਿਤ ਸੂਬੇ ਵਿੱਚ ਸਬਸਿਡੀ ’ਤੇ 1.33 ਲੱਖ ਖੇਤੀ ਮਸ਼ੀਨਰੀ ਉਪਲਬਧ ਕਰਵਾਈ ਗਈ ਹੈ। ਬਿਨਾਂ ਪਰਾਲੀ ਨੂੰ ਅੱਗ ਲਗਾਏ ਕਣਕ ਬੀਜਣ ਵਾਲੀ ਮਸ਼ੀਨ ਸਮਾਰਟ ਸੀਡਰ ਦਾ ਖੁਦ ਟਰੈਕਟਰ ਚਲਾ ਕੇ ਡੈਮੋ ਦੇਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਸੁਪਰ ਸੀਡਰ ਅਤੇ ਹੈਪੀ ਸੀਡਰ ਦੀ ਦੁਵੱਲੀ ਤਕਨਾਲੋਜੀ ਨਾਲ ਬਣੀ ਇਹ ਮਸ਼ੀਨ ਪੰਜਾਬ ਵਿੱਚ ਪਰਾਲੀ ਦੇ ਨਿਪਟਾਰੇ ਲਈ ਮਿਸਾਲੀ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਛੋਟੇ ਟਰੈਕਟਰ ਨਾਲ ਚੱਲਣ ਵਾਲੀ ਸਮਾਰਟ ਸੀਡਰ ਮਸ਼ੀਨ ਵੀ ਸਬਸਿਡੀ ’ਤੇ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਹਵਾ ਨੂੰ ਬਚਾਉਣ ਦੇ ਨਾਲ ਪਾਣੀ ਨੂੰ ਵੀ ਬਚਾਉਣ ਲਈ ਰਵਾਇਤੀ ਫ਼ਸਲੀ ਚੱਕਰ ਝੋਨਾ ਤੇ ਕਣਕ ਨੂੰ ਛੱਡ ਕੇ ਗੰਨਾ, ਮੱਕੀ ਤੇ ਦਾਲਾਂ ਦੀ ਕਾਸ਼ਤ ਕੀਤੀ ਜਾਵੇ। ਇਸ ਮੌਕੇ ਪਨਗ੍ਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਖੁਸ਼ਪਾਲ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।
ਅਜਨਾਲਾ ਹਲਕੇ ਦੀਆਂ ਸਾਰੀਆਂ ਪ੍ਮੁੱਖ ਲਿੰਕ ਸੜਕਾਂ ਚੌੜੀਆਂ ਕਰਨ ਦਾ ਐਲਾਨ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਥਾਨਕ ਦਾਣਾ ਮੰਡੀ ਦੇ ਦੌਰੇ ਦੌਰਾਨ ਦੱਸਿਆ ਕਿ ਇਸ ਦਾਣਾ ਮੰਡੀ ਦੇ ਸ਼ੈੱਡ ਅਤੇ ਫੜ੍ਹਾਂ ਲਈ ਸਾਢੇ ਚਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਛੇਤੀ ਹੀ ਇਹ ਕੰਮ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮੰਡੀ ਦੇ ਆਲੇ ਦੁਆਲੇ ਸੀਵਰੇਜ ਅਤੇ ਹੋਰ ਕੰਮ ਵੀ ਕਰਵਾਏ ਜਾਣਗੇ, ਜਿਸ ਨਾਲ ਇਹ ਲਾਗਤ ਕਰੀਬ 10 ਕਰੋੜ ਰੁਪਏ ਨੂੰ ਪਹੁੰਚ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਅਜਨਾਲਾ ਹਲਕੇ ਦੀਆਂ ਮੁੱਖ ਲਿੰਕ ਸੜਕਾਂ 18 ਫੁੱਟ ਚੌੜੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕਈ ਲਿੰਕ ਸੜਕਾਂ ਉੱਤੇ ਪੈਂਦੇ ਤੰਗ ਅਤੇ ਪੁਰਾਣੇ ਪੁਲਾਂ ਦੀ ਉਸਾਰੀ ਕਰਨ ਲਈ ਕਰੀਬ ਢਾਈ ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ।