ਜਤਿੰਦਰ ਬੈਂਸ
ਗੁਰਦਾਸਪੁਰ, 23 ਸਤੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਬਾਬਾ ਮਸਤੂ ਜੀ ਅਤੇ ਜ਼ੋਨ ਬੇਬੇ ਨਾਨਕੀ ਦੀ ਇੱਕਤਰਤਾ ਸਰਹੱਦੀ ਪਿੰਡ ਓਗਰਾ ਵਿੱਚ ਹੋਈ। ਇਸ ਮੌਕੇ ਪਾਣੀ ਦੀ ਨਿਕਾਸੀ ਅਤੇ ਖ਼ਰਾਬ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਅਤੇ ਜ਼ੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਨੇ ਕਿਹਾ ਕਿ ਸਰਹੱਦੀ ਪਿੰਡ ਝਬਕਰਾ , ਉਗਰਾ, ਕਾਨਾ, ਜੋਨਪੁਰ, ਟਾਂਡਾ ਵਿੱਚ ਬਰਸਾਤੀ ਪਾਣੀ ਇੱਕਠਾ ਹੋਣ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਾਰ-ਵਾਰ ਪ੍ਰਸ਼ਾਸਨ ਤੱਕ ਪਹੁੱਚ ਕਰਨ ਦੇ ਬਾਵਜੂਦ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹੈ ਅਤੇ ਨਾ ਹੀ ਪਾਣੀ ਦੀ ਨਿਕਾਸੀ ਹੋਈ ਹੈ। ਇਸ ਲਈ ਫੈਸਲਾ ਲਿਆ ਹੈ ਕਿ ਜੇ 27 ਸਤੰਬਰ ਤੋਂ ਪਹਿਲਾਂ ਬਰਸਾਤੀ ਪਾਣੀ ਦਾ ਕੋਈ ਹੱਲ ਨਹੀ ਨਿਕਲਦਾ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 27 ਸਤੰਬਰ ਨੂੰ ਵੱਡੇ ਪੱਧਰ ’ਤੇ ਡਰੇਨ ਵਿਭਾਗ ਦਫ਼ਤਰ ਅੱਗੇ ਧਰਨਾ ਲਗਾਏਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਦਾਖਲਾ , ਕੁਲਜੀਤ ਸਿੰਘ ਹਯਾਤਨਗਰ , ਸੁਖਦੇਵ ਸਿੰਘ ਅੱਲੜ ਪਿੰਡੀ ਆਦਿ ਹਾਜ਼ਰ ਸਨ।