ਪੱਤਰ ਪ੍ਰੇਰਕ
ਹੁਸ਼ਿਆਰਪੁਰ, 16 ਜੁਲਾਈ
ਇਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਦਾ ਮਿਨੀ ਸਕੱਤਰੇਤ ਦੇ ਨੇੜੇ ਜੀਓ ਰਿਲਾਇੰਸ ਦਫ਼ਤਰ ਬਾਹਰ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਹੈ। ਅੱਜ ਧਰਨੇ ਦੌਰਾਨ ਬੋਲਦਿਆਂ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਕੇ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਅਤੇ ਨਾਜਾਇਜ਼ ਗ੍ਰਿਫ਼ਤਾਰ ਕੀਤੇ ਲੋਕਾਂ ਨੂੰ ਰਿਹਾਅ ਕੀਤਾ ਜਾਵੇ। ਅੱਜ ਗੁਰਮੇਸ਼ ਸਿੰਘ, ਕੁਲਤਾਰ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲਾ, ਕਮਲਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਥਾਨਕ ਜੀਓ ਸੈਂਟਰ ਅੱਗੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਕਾਮਰੇਡ ਦਰਸ਼ਨ ਸਿੰਘ ਮੱਟੂ, ਗੁਰਨੇਕ ਭੱਜਲ, ਬੀਬੀ ਸੁਭਾਸ਼ ਮੱਟੂ ਅਤੇ ਹਰਭਜਨ ਅਟਵਾਲ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਲਗਾਇਆ ਜਾ ਰਿਹਾ ਧਰਨਾ ਅੱਜ 221 ਵੇਂ ਦਿਨ ਵਿੱਚ ਦਾਖਿਲ ਹੋ ਗਿਆ। ਅੱਜ ਦੇ ਧਰਨੇ ਨੂੰ ਸ਼ਿੰਗਾਰਾ ਸਿੰਘ ਭੱਜਲ ਆਦਿ ਨੇ ਸੰਬੋਧਨ ਕੀਤਾ।
ਮਾਨਸਰ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਟੌਲ ਪਲਾਜ਼ਾ ਮਾਨਸਰ ’ਤੇ ਲਗਾਇਆ ਧਰਨਾ ਅੱਜ 279 ਵੇਂ ਦਿਨ ਵੀ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਤੇ ਹੋਰ ਵਰਗਾਂ ਨੂੰ ਦਿੱਲੀ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ
ਟਾਂਡਾ(ਪੱਤਰ ਪ੍ਰੇਰਕ): ਪਿੰਡ ਢਡਿਆਲਾ ਦੇ ਫੋਕਲ ਪੁਆਇੰਟ ’ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਕੁਲਦੀਪ ਸਿੰਘ ਬੇਗੋਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ, ਨਿਸ਼ਾਨ ਸਿੰਘ, ਗੁਰਜੀਤ ਸਿੰਘ ਤੇ ਹਰਵਿੰਦਰਪਾਲ ਸਿੰਘ ਸੋਨੂੰ ਨੇ ਕਿਹਾ ਕਿ ਜਥੇਬੰਦੀ 22 ਜੁਲਾਈ ਨੂੰ ਸੰਸਦ ਮਾਰਚ ਦੇ ਘਿਰਾਓ ’ਚ ਸ਼ਾਮਲ ਹੋਵੇਗੀ।