ਗੁਰਬਖਸ਼ਪੁਰੀ
ਤਰਨ ਤਾਰਨ, 3 ਜੁਲਾਈ
ਇਥੇ ਅੱਜ ਨਿਯੁਕਤੀ ਪੱਤਰ ਲੈਣ ਲਈ ਆਏ ਈਟੀਟੀ ਅਧਿਆਪਕਾਂ ਦੇ ਜਿਵੇਂ ਹੀ ਸਬਰ ਦਾ ਪਿਆਲਾ ਭਰ ਗਿਆ ਤਾਂ ਉਨ੍ਹਾਂ ਸਰਕਾਰ ਅਤੇ ਖਾਸ ਕਰਕੇ ਸਿੱਖਿਆ ਮੰਤਰੀ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ| ਇਹ 870 ਦੇ ਕਰੀਬ ਈਟੀਟੀ ਅਧਿਆਪਕ ਅੱਜ ਸਵੇਰ ਤੋਂ ਹੀ ਨਿਯੁਕਤੀ ਪੱਤਰ ਲਈ ਲੈਣ ਲਈ ਇਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਦੇ ਦਫਤਰ ਆਏ ਹੋਏ ਸਨ| ਸਰਕਾਰ ਵਲੋਂ ਇਸ ਕੰਮ ਦੀ ਸ਼ੁਰੁੂਆਤ ਕਰਵਾਉਣ ਲਈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 3 ਵਜੇ ਆਉਣ ਦਾ ਸਮਾਂ ਦਿੱਤਾ ਸੀ ਅਤੇ ਉਸ ਤੋਂ ਬਾਅਦ ਹੀ ਅਧਿਆਪਕਾਂ ਨੂੰ ਪੱਤਰ ਦੇਣੇ ਸ਼ੁਰੂ ਕੀਤੇ ਜਾਣੇ ਸਨ| ਮੰਤਰੀ ਪੰਜ ਵਜੇ ਦੇ ਕਰੀਬ ਆਏ| ਉਨ੍ਹਾਂ ਦੇ ਨਿਯੁਕਤੀ ਪੱਤਰ ਦੇਣ ਦਾ ਉਦਘਾਟਨ ਕਰਨ ਦੇ ਬਾਅਦ ਹੀ ਪੱਤਰ ਜਾਰੀ ਕੀਤੇ ਜਾਣੇ ਸਨ| ਇਸੇ ਦੌਰਾਨ ਮੌਕੇ ’ਤੇ ਨਿਕੰਮੇ ਪ੍ਰਬੰਧਾਂ ਨੇ ਨਿਯੁਕਤੀ ਪੱਤਰ ਲੈਣ ਵਾਲੇ ਉਮੀਦਵਾਰਾਂ ਤੋਂ ਇਲਾਵਾ ਉਨ੍ਹਾਂ ਨਾਲ ਆਏ ਪਰਿਵਾਰਕ ਮੈਂਬਰ ਅਤਿ ਦੀ ਗਰਮੀ ਤੋਂ ਡਾਢੇ ਪ੍ਰੇਸ਼ਾਨ ਹੋ ਚੁੱਕੇ ਸਨ| ਗੁੱਸੇ ਵਿੱਚ ਆਏ ਲੋਕਾਂ ਨੇ ਸਰਕਾਰ ਖਿਲਾਫ਼ ਖੂਬ ਨਾਅਰੇਬਾਜ਼ੀ ਕੀਤੀ| ਮਾਨਸਾ, ਫਾਜ਼ਿਲਕਾ, ਅਬੋਹਰ ਆਦਿ ਦੂਰ ਦੁਰੇਡੇ ਤੋਂ ਆਏ ਲੋਕਾਂ ਨੇ ਪ੍ਰਸ਼ਾਸਨ ਦੇ ਨਿਕੰਮੇ ਪ੍ਰਬੰਧਾਂ ਖਿਲਾਫ਼ ਖੂਬ ਭੜਾਸ ਕੱਢੀ| ਨਿਯੁਕਤੀ ਪੱਤਰ ਦੇਣ ਲਈ ਕੀਤੇ ਪ੍ਰਬੰਧ ਨੌਕਰੀਆਂ ਲੈਣ ਵਾਲੇ ਉਮੀਦਵਾਰਾਂ ਤੋਂ ਇਲਾਵਾ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਲਈ ਵੀ ਡਾਢੀ ਸਿਰਦਰਦੀ ਬਣੇ ਰਹੇ। ਬਾਰਸ਼ ਤੋਂ ਬਾਅਦ ਅੱਜ ਲੱਗੀ ਧੁੱਪ ਕਰਕੇ ਪੈਦਾ ਹੋਇਆ ਹੁੰਮਸ ਨੇ ਤਾਂ ਸਾਰਿਆਂ ਦੀ ਤੌਬਾ ਕਰਵਾ ਦਿੰਤੀ| ਪੱਖੇ ਤਾਂ ਕੀ ਏਸੀ ਵਾਲੇ ਕਮਰਿਆਂ ਵਿੱਚ ਵੀ ਪੂਰੀ ਗਰਮੀ ਸੀ| ਪੀਣ ਦੇ ਪਾਣੀ ਆਦਿ ਦੇ ਪਰ੍ਬ੍ਵੰਧ ਨਾ ਮਾਤਰ ਸਨ| ਵਿਭਾਗ ਵਲੋਂ ਬਿਨਾਂ ਸੋਚੇ- ਸਮਝੇ ਇਕ ਹੀ ਦਿਨ ਵਿੱਚ 870 ਉਮੀਦਵਾਰਾਂ ਲਈ ਨਿਯੁਕਤੀ ਪੱਤਰ ਤਿਆਰ ਕਰਕੇ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਚੈਕਿੰਗ ਕਰਨੀ ਪੂਰੀ ਤਰ੍ਹਾਂ ਨਾਲ ਤਰਕ ਵਿਹੂਣੀ ਸਾਬਤ ਹੋ ਰਹੀ ਸੀ| ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਜਿ਼ਲ੍ਹਾ ਪ੍ਰਧਾਨ ਨਛੱਤਰ ਸਿੰਘ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਸੇਵਾ ਵਿੱਚ ਆਉਣ ਦੇ ਸ਼ੁਰੂ ਵਿੱਚ ਹੀ ਅਧਿਆਪਕਾਂ ਨੂੰ ਆਪਣੀ ਖੱਜਲ ਖੁਆਰ ਕੀਤੇ ਜਾਣ ਦੀ ਨੀਤੀ ਤੋਂ ਜਾਣੂੰ ਕਰਵਾ ਦਿੱਤਾ ਹੈ|