ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 30 ਜੂਨ
ਟਿਊਬਵੈੱਲ ਲਈ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਦੇ ਵਿਰੋਧ ਵਿੱਚ ਪਿੰਡ ਬਗੋਲ ਅਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਪਾਵਰਕੌਮ ਖ਼ਿਲਾਫ਼ ਸਬ ਡਿਵੀਜ਼ਨ ਹਰਚੋਵਾਲ ਪਹੁੰਚ ਕੇ ਰੋਸ ਪ੍ਰਗਟਾਇਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਮਿੰਟਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 8 ਘੰਟੇ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਦਾ ਐਲਾਨ ਕੀਤਾ ਹੋਇਆ ਹੈ ਪਰ ਉਨ੍ਹਾਂ ਦੇ ਖੇਤਰ ਵਿਚ ਕਿਸਾਨਾਂ ਨੂੰ 4 ਤੋਂ 5 ਘੰਟੇ ਤੱਕ ਹੀ ਬਿਜਲੀ ਸਪਲਾਈ ਮਿਲ ਰਹੀ ਹੈ। ਜਿਸ ਦੇ ਚਲਦਿਆਂ ਉਨ੍ਹਾਂ ਦੀ ਨਵੀਂ ਲਗਾਈ ਹੋਈ ਝੋਨੇ ਦੀ ਫ਼ਸਲ, ਗੰਨੇ ਦੀ ਫ਼ਸਲ, ਮੱਕੀ ਅਤੇ ਹੋਰ ਹਰੇ ਚਾਰੇ ਦੀ ਫ਼ਸਲ ਪਾਣੀ ਦੀ ਘਾਟ ਕਾਰਨ ਬਰਬਾਦ ਹੋ ਰਹੀ ਹੈ। ਇਸ ਮੌਕੇ ਕਿਸਾਨਾਂ ਨੇ ਪਾਵਰਕੌਮ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।ਸਬ ਡਿਵੀਜ਼ਨ ਤੁਗਲਵਾਲ ਦੇ ਮੁੱਖ ਅਧਿਕਾਰੀ ਇੰਜਨੀਅਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਕਈ ਵਾਰ ਮੌਸਮ ਦੀ ਖ਼ਰਾਬੀ ਕਾਰਨ ਅਤੇ ਕਈ ਵਾਰ ਤਕਨੀਕੀ ਮੁਸ਼ਕਲਾਂ ਕਰਕੇ ਬਿਜਲੀ ਦੇ ਕੱਟ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੇਣ ਲਈ ਉਹ ਪੰਜਾਬ ਪਾਵਰਕੌਮ ਦੇ ਹੁਕਮਾਂ ਲਈ ਹਮੇਸ਼ਾ ਪਾਬੰਦ ਰਹਿਣਗੇ।
ਆਦਮਪੁਰ (ਹਤਿੰਦਰ ਮਹਿਤਾ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਿਵੀਜ਼ਨ ਡਰੋਲੀ ਕਲਾਂ ਦੇ ਦਫਤਰ ਅਧੀਨ ਪੈਂਦੇ ਪਿੰਡ ਡਰੋਲੀ ਕਲਾਂ, ਡਰੋਲੀ ਖੁਰਦ, ਪਧਿਆਣਾ, ਕਾਲਰਾ, ਜੇਠਪੁਰ, ਕੋਟਲੀ ਜਮੀਤ ਸਿੰਘ ਤੇ ਹੋਰ ਪਿੰਡਾਂ ਦੇ ਕਿਸਾਨ ਨਿੰਰਜਨ ਸਿੰਘ, ਸੁਖਵਿੰਦਰ ਸਿੰਘ ਨਿੱਕਾ, ਮਨਜੀਤ ਸਿੰਘ, ਭੁਪਿੰਦਰ ਸਿੰਘ ਅਮਰਜੀਤ ਸਿੰਘ, ਬਹਾਦਰ ਸਿੰਘ ਚੋਹਾਨ ਤੇ ਹੋਰਨਾਂ ਨੇ ਦੱਸਿਆ ਕਿ ਜਦੋਂ ਤੋਂ ਇਲਾਕੇ ਦੇ ਕਿਸਾਨਾਂ ਨੇ ਝੋਨਾ ਲਗਾਉਣਾ ਸ਼ੁਰੂ ਕੀਤਾ ਹੈ, ਉਸ ਦਿਨ ਤੋਂ ਹੀ ਬਿਜਲੀ 8 ਘੰਟੇ ਦੇਣ ਦੀ ਬਜਾਏ ਵਿਭਾਗ ਲੰਬੇ ਲੰਬੇ ਕੱਟ ਲਗਾਏ ਜਾ ਰਹੇ ਹਨ। ਇਸ ਮੌਕੇ ਕਿਸਾਨਾਂ ਨੇ ਕੁੱਝ ਸਮੇਂ ਲਈ ਆਦਮਪੁਰ-ਗੜ੍ਹਸ਼ੰਕਰ ਸੜਕ ’ਤੇ ਆਵਾਜਾਈ ਵੀ ਠੱਪ ਕੀਤੀ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਐਸਡੀਓ ਜਸਵਿੰਦਰ ਸਿੰਘ ਨਾਲ ਕਿਸਾਨਾਂ ਨੇ ਗੱਲਬਾਤ ਕੀਤੀ ਪਰ ਕਿਸੇ ਤਰ੍ਹਾਂ ਦੇ ਤਸੱਲੀਬਖਸ਼ ਜਵਾਬ ਨਾ ਮਿਲਣ ਕਾਰਨ ਕਿਸਾਨਾਂ ਨੇ ਚੀਫ ਇੰਜਨੀਅਰ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋ ਫੀਡਰ ਨਾ ਚੱਲਣ ਕਾਰਨ ਇਸ ਤਰ੍ਹਾਂ ਦੀ ਮੁਸ਼ਕਲ ਪੇਸ਼ ਆ ਰਹੀ ਹੈ ਪਰ ਇੱਕ ਦੋ ਦਿਨਾਂ ਤੱਕ ਦੋਵੇਂ ਫੀਡਰ ਚਾਲੂ ਕਰਕੇ ਨਿਰਵਿਘਨ ਬਿਜਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਕੈਪਟਨ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਵਿਚ ਐਲਾਨੀ 8 ਘੰਟੇ ਬਿਜਲੀ ਦੀ ਸਪਲਾਈ ਨਿਰਵਿਘਨ ਨਾ ਮਿਲਣ ਕਾਰਨ ਕਿਸਾਨਾਂ ਨੇ ਪਹਿਲਾਂ ਐਕਸੀਅਨ ਦਫਤਰ ਦੇ ਅੱਗੇ ਧਰਨਾ ਦਿੱਤਾ ਅਤੇ ਬਾਅਦ ’ਚ ਕਾਫਲੇ ਦੇ ਰੂਪ ਵਿਚ ਕੌਮੀ ਮਾਰਗ ’ਤੇ ਆਦਮਪੁਰ ਰੋਡ ਦੇ ਟੀ-ਪੁਆਇੰਟ ’ਤੇ ਧਰਨਾ ਦੇ ਕੇ ਪੂਰਨ ਤੌਰ ’ਤੇ ਆਵਾਜਾਈ ਠੱਪ ਕਰ ਦਿੱਤੀ। ਧਰਨੇ ਨੂੰ ਸੰਬੋਧਨ ਕਰਦਿਆਂ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਹਰਸਵਿੰਦਰ ਸਿੰਘ, ਮੁਕੇਸ਼ ਚੰਦਰ ਰਾਣੀ ਭੱਟੀ, ਗੁਰਪ੍ਰੀਤ ਸਿੰਘ ਅਟਵਾਲ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਅਮਰਜੀਤ ਸਿੰਘ ਚੌਲਾਂਗ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਐਲਾਨੀ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਦੀ ਬਜਾਏ ਦੋ ਤੋਂ ਚਾਰ ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨ ਮਾਰੂ ਨੀਤੀਆਂ ਬੰਦ ਨਾ ਕੀਤੀਆਂ ਤਾਂ ਇਨ੍ਹਾਂ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਦਫਤਰਾਂ ਤੇ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਕਿਸਾਨਾਂ ਨੇ ਐੱਸਸੀ ਹਸ਼ਿਆਰਪੁਰ ਪਰਮਿੰਦਰ ਸਿੰਘ ਖਾਬਾ, ਐਕਸੀਅਨ ਅਮਰੀਕ ਰਾਮ ਕੈਲੇ ਅਤੇ ਡੀਐੱਸਪੀ ਹਰਿੰਦਰ ਸਿੰਘ ਮਾਨ ਨੂੰ ਮੰਗ ਪੱਤਰ ਵੀ ਸੌਂਪਿਆ।
ਨੀਮ ਪਹਾੜੀ ਪਿੰਡਾਂ ’ਚ ਪੀਣ ਵਾਲੇ ਪਾਣੀ ਨੂੰ ਤਰਸੇ ਲੋਕ
ਤਲਵਾੜਾ(ਦੀਪਕ ਠਾਕੁਰ): ਹਾੜ੍ਹ ਮਹੀਨੇ ‘ਚ ਅੱਤ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਪਾਵਰਕੌਮ ਵਿਭਾਗ ਵੱਲੋਂ ਲਗਾਏ ਜਾ ਰਹੇ ਬਿਜਲੀ ਕੱਟਾਂ ਕਾਰਨ ਕੰਢੀ ਦੇ ਲੋਕ ਪ੍ਰੇਸ਼ਾਨ ਹਨ। ਅਣਐਲਾਨੇ ਬਿਜਲੀ ਕੱਟਾਂ ਅਤੇ ਪੀਣ ਵਾਲੇ ਪਾਣੀ ਦੀ ਘਾਟ ਦੇ ਮੁੱਦੇ ’ਤੇ ਸਿਆਸਤ ਵੀ ਭਖ਼ ਗਈ ਹੈ। ਤਲਵਾੜਾ ਅਧੀਨ ਆਉਂਦੇ ਚਮੂਹੀ, ਬੇੜਿੰਗ, ਪਲੀਹਰ, ਬਾੜੀ, ਬਲਾਂਬ, ਧਾਰ, ਰਜਵਾਲ, ਭੰਬੋਤਾੜ, ਬਰਿੰਗਲੀ, ਸਲਾਂਗੜੂ, ਸੁਖਚੈਨਪੁਰ, ਝਰੇੜਾ, ਅਮਰੋਹ, ਭੋਲ ਪਲਾਹੜ, ਧਰਮਪੁਰ, ਭੋਲ ਬਦਮਾਣੀਆਂ ਆਦਿ ਕਰੀਬ ਤਿੰਨ ਦਰਜਨ ਤੋਂ ਵਧ ਨੀਮ ਪਹਾੜੀ ਪਿੰਡਾਂ ‘ਚ ਪਿਛਲੇ ਇੱਕ ਹਫ਼ਤੇ ਤੋਂ ਨਲ਼ਕਿਆਂ ਵਿੱਚ ਪਾਣੀ ਨਹੀਂ ਆਇਆ।
ਕੱਟਾਂ ਨੇ ਕਈਆਂ ਦੇ ਬਿਜਲਈ ਉਪਕਰਣ ਨੁਕਸਾਨੇ
ਦਸੂਹਾ(ਡਭਗਵਾਨ ਦਾਸ ਸੰਦਲ):ਇਥੇ ਦੋ ਮਹੀਨਿਆਂ ਤੋਂ ਬਿਜਲੀ ਦੀ ਸਪਲਾਈ ਦਾ ਬੁਹਤ ਮਾੜਾ ਹਾਲ ਹੈ ਜਿਸ ਕਾਰਨ ਹਰ ਵਰਗ ਵਿੱਚ ਪਾਵਰਕੌਮ ਖ਼ਿਲਾਫ ਰੋਸ ਪਾਇਆ ਜਾ ਰਿਹਾ ਹੈ। ਪਹਿਲਾ ਦਿਨ ਵਿੱਚ 8-10 ਕੱਟ ਲੱਗਦੇ ਹਨ ਪਰ ਹੁਣ 2-3 ਦਿਨਾਂ ਤੋਂ ਰਾਤ ਵੇਲੇ ਵੀ ਕੱਟ ਲਗਾਏ ਜਾ ਰਹੇ ਹਨ। ਦੂਜੇ ਪਾਸੇ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਦਾ ਕਾਰਨ ਗਰਮੀ ਵਿੱਚ ਬਿਜਲੀ ਦੀ ਵਧੀ ਖਪਤ ਦੱਸ ਕੇ ਪੱਲਾਂ ਝਾੜਿਆ ਜਾ ਰਿਹਾ ਹੈ। ਮਿਸ਼ਨ ਰੋਡ ਦੇ ਵਾਸੀ ਜਗਦੀਪ ਸਿੰਘ ਠੁਕਰਾਲ ਨੇ ਦੱਸਿਆ ਕਿ ਵਾਰ-ਵਾਰ ਬੱਤੀ ਗੁੱਲ ਹੋਣ ਕਾਰਨ ਉਸ ਦੇ ਘਰ ਦਾ ਫਰਿਜ਼ ਅਤੇ ਏਸੀ ਨੁਕਸਾਨੇ ਗਏ ਹਨ। ਰਾਜ ਕੁਮਾਰ ਨੇ ਦੱਸਿਆ ਕਿ ਉਸ ਦੇ ਕੰਪਿਊਟਰ ਦੀ ਸਕਰੀਨ ਸੜ ਗਈ। ਵਪਾਰ ਮੰਡਲ ਦੇ ਪ੍ਰਧਾਨ ਗੱਗੀ ਠੁਕਰਾਲ ਨੇ ਕਿਹਾ ਕਿ ਪਾਵਰਕੌਮ ਦੀ ਢਿੱਲੀ ਕਾਰਗੁਜ਼ਾਰੀ ਵਪਾਰੀ ਵਰਗ ਨੂੰ ਪ੍ਰੇਸ਼ਾਨ ਕਰ ਰਹੀ ਹੈ।