ਨਰਿੰਦਰ ਸਿੰਘ
ਭਿੱਖੀਵਿੰਡ, 29 ਸਤੰਬਰ
ਖੇਮਕਰਨ ਹਲਕੇ ਦੇ ਪਿੰਡ ਕਲਸੀਆਂ ਕਲਾਂ ਵਿਚ ਪਿਛਲੇ ਕਈ ਦਹਾਕਿਆਂ ਤੋਂ ਐੱਸਸੀ ਵਰਗ ਦੇ ਲੋਕਾਂ ਵੱਲੋਂ ਜਿਸ ਸ਼ਮਸ਼ਾਨਘਾਟ ਦੀ ਵਰਤੋਂ ਕੀਤੀ ਜਾ ਰਹੀ ਸੀ, ਉਸ ਵਿਚ ਸਸਕਾਰ ਕਰਨ ਲਈ ਬਣੇ ਥੜ੍ਹੇ ਅਤੇ ਬੈਠਣ ਲਈ ਬਣਾਇਆ ਗਿਆ ਬਰਾਂਡਾ ਮੌਜੂਦਾ ਕਾਂਗਰਸੀ ਸਰਪੰਚ ਬਖਸ਼ੀਸ਼ ਸਿੰਘ ਵੱਲੋਂ ਢੁੁਹਾਉਣ ਕਾਰਨ ਅੱਜ ਸਮੁੱਚੀ ਐੱਸਸੀ ਬਰਾਦਰੀ ਦੇ ਲੋਕਾਂ ਵਲੋਂ ਸ਼ਮਸ਼ਾਨਘਾਟ ਵਾਲੀ ਥਾਂ ’ਤੇ ਮੁਜ਼ਾਹਰਾ ਕੀਤਾ। ਇਸ ਮੌਕੇ ਅਮਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਲੋਕ ਇਸ ਸ਼ਮਸ਼ਾਨਘਾਟ ਦੀ ਵਰਤੋਂ ਕਰਦੇ ਆ ਰਹੇ ਹਨ ਪਰ ਮੌਜੂਦਾ ਸਰਪੰਚ ਇਸ ਇੱਕ ਏਕੜ ਤੋਂ ਵੱਧ ਜਗ੍ਹਾ ਵਾਲੇ ਸ਼ਮਸ਼ਾਨਘਾਟ ਵਿਚੋਂ ਪਲਾਟ ਕੱਟ ਕੇ ਗਰੀਬ ਲੋਕਾਂ ਵਿਚ ਵੰਡਣੇ ਚਾਹੁੰਦਾ ਹੈ ਤੇ ਥੋੜ੍ਹੀ ਜਿਹੀ ਥਾਂ ਵਿਚ ਉਨ੍ਹਾਂ ਨੂੰ ਨਵਾਂ ਸ਼ਮਸ਼ਾਨਘਾਟ ਉਸਾਰ ਕੇ ਦਿੱਤਾ ਜਾ ਰਿਹਾ ਹੈ ਜੋ ਉਨ੍ਹਾਂ ਨੂੰ ਮਨਜ਼ੂਰ ਨਹੀਂ। ਉਹ ਇਸ ਨੂੰ ਬਚਾਉਣ ਲਈ ਸੰਘਰਸ਼ ਕਰਨ ਲਈ ਤਿਆਰ ਹਨ। ਪਿੰਡ ਦੇ ਸਰਪੰਚ ਬਖਸ਼ੀਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਪੰਚਾਇਤੀ ਜਗ੍ਹਾ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ ਜਾਂ ਇਸ ਵਿਚ ਪਲਾਟ ਕੱਟੇ ਜਾਣਗੇ ਜਾਂ ਜਿਸ ਵਿਚ ਖੇਡ ਸਟੇਡੀਅਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਲਈ 10 ਲੱਖ ਦੀ ਲਾਗਤ ਨਾਲ ਨਵਾਂ ਸ਼ਮਸ਼ਾਨਘਾਟ ਉਸਾਰਿਆ ਜਾ ਰਿਹਾ ਹੈ ।
ਪਿੰਡ ਦੇ ਮੋਹਤਬਰ ਇੰਦਰਜੀਤ ਸਿੰਘ ਨੇ ਕਿਹਾ ਇਸ ਮਸਲੇ ਨੂੰ ਜਲਦੀ ਸੁਲਝਾ ਲਿਆ ਜਾਵੇਗਾ ਅਤੇ ਸ਼ਮਸ਼ਾਨਘਾਟ ਵਿੱਚੋਂ ਢਾਹੇ ਗਏ ਥੜ੍ਹੇ ਅਤੇ ਬਰਾਂਡੇ ਦੀ ਜਲਦ ਉਸਾਰੀ ਕਰਵਾ ਦਿੱਤੀ ਜਾਵੇਗੀ ਅਤੇ ਨਵਾਂ ਉਸਾਰਿਆ ਜਾ ਰਿਹਾ ਸ਼ਮਸ਼ਾਨਘਾਟ ਸਾਂਸੀ ਭਾਈਚਾਰੇ ਦੇ ਲੋਕਾਂ ਨੂੰ ਦੇ ਦਿੱਤਾ ਜਾਵੇਗਾ।
ਦਸ ਲੱਖ ਰੁਪਏ ਨਾਲ ਨਵਾਂ ਸ਼ਮਸ਼ਮਾਨਘਾਟ ਉਸਾਰਿਆ ਜਾ ਰਿਹੈ: ਸਰਪੰਚ
ਸਰਪੰਚ ਬਖਸ਼ੀਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਪੰਚਾਇਤੀ ਜਗ੍ਹਾ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ ਜਾਂ ਇਸ ਵਿਚ ਪਲਾਟ ਕੱਟੇ ਜਾਣਗੇ ਜਾਂ ਜਿਸ ਵਿਚ ਖੇਡ ਸਟੇਡੀਅਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਲਈ 10 ਲੱਖ ਦੀ ਲਾਗਤ ਨਾਲ ਨਵਾਂ ਸ਼ਮਸ਼ਾਨਘਾਟ ਉਸਾਰਿਆ ਜਾ ਰਿਹਾ ਹੈ।