ਗੁਰਬਖਸ਼ਪੁਰੀ
ਤਰਨ ਤਾਰਨ, 25 ਅਗਸਤ
ਇਥੋਂ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੇ ਦਫਤਰ ਵਿੱਚ ਉਸ ਵੇਲੇ ਸਥਿਤ ਤਣਾਅ ਵਾਲੀ ਬਣ ਗਈ ਜਦੋਂ ਅਧਿਕਾਰੀ ਨੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਕਿਸਾਨਾਂ ਦੇ ਮਸਲਿਆਂ ਦਾ ਮੰਗਾਂ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਅੱਜ ਇੱਥੇ ਦੱਸਿਆ ਕਿ ਜਥੇਬੰਦੀ ਦਾ ਇਕ ਵਫ਼ਦ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 7 ਸਤੰਬਰ ਤੋਂ ਸ਼ੁਰੂ ਕੀਤੇ ਜਾਣ ਵਾਲੇ ‘ਜੇਲ੍ਹ ਭਰੋ’ ਅੰਦੋਲਨ ਸਬੰਧੀ ਮੰਗ ਪੱਤਰ ਦੇਣ ਲਈ ਗਿਆ ਤਾਂ ਅਧਿਕਾਰੀ ਨੇ ਜਥੇਬੰਦੀ ਦੇ ਆਗੂਆਂ ਨਾਲ ਦੁਰਵਿਵਹਾਰ ਕਰਦਿਆਂ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ| ਇਸ ’ਤੇ ਜਥੇਬੰਦੀ ਦੇ ਆਗੂਆਂ ਨੇ ਅਧਿਕਾਰੀ ਦੇ ਹੈਂਕੜਬਾਜ਼ ਵਤੀਰੇ ਖਿਲਾਫ਼ ਪਹਿਲਾਂ ਅਧਿਕਾਰੀ ਦੇ ਦਫਤਰ ਦੇ ਅੰਦਰ ਅਤੇ ਫਿਰ ਦਫਤਰ ਤੋਂ ਬਾਹਰ ਆ ਕੇ ਭਾਰੀ ਨਾਅਰੇਬਾਜ਼ੀ ਕੀਤੀ| ਅਧਿਕਾਰੀ ਦੇ ਦਫਤਰ ਦੇ ਬਾਹਰ ਜਥੇਬੰਦੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾ ਤੋਂ ਇਲਾਵਾ ਸਤਨਾਮ ਸਿੰਘ ਮਾਨੋਚਾਹਲ ਕਲਾਂ, ਫਤਿਹ ਸਿੰਘ ਪਿੱਦੀ, ਜਸਬੀਰ ਸਿੰਘ ਪਿੱਦੀ. ਅਜੀਤ ਸਿੰਘ ਚੰਬਾ ਨੇ ਕੀਤਾ ਅਤੇ ਅਧਿਕਾਰੀ ਦੇ ਵਤੀਰੇ ਦੀ ਨਿਖੇਧੀ ਕੀਤੀ| ਬੁਲਾਰਿਆਂ ਨੇ ਕਿਹਾ ਕਿ ਅਧਿਕਾਰੀਆਂ ਕੋਲ ਰੋਜ਼ਾਨਾਂ ਹੀ ਕਈ ਬਿਨੈਕਾਰ ਆਪਣੀਆਂ ਲਿਖਤੀ ਬੇਨਤੀਆਂ ਲੈ ਕੇ ਜਾਂਦੇ ਹਨ ਪਰ ਅਧਿਕਾਰੀ ਕਰੋਨਾ ਦੀ ਆੜ ਹੇਠ ਲੋਕਾਂ ਦੇ ਮਸਲਿਆਂ ਦੇ ਪੱਤਰ ਲੈਣ ਤੋਂ ਇਨਕਾਰ ਕਰ ਰਹੇ ਹਨ| ਜਥੇਬੰਦੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਧਿਕਾਰੀ ਦੇ ਇਸ ਲੋਕ ਵਿਰੋਧੀ ਵਤੀਰੇ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ| ਬੁਲਾਰਿਆਂ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਤਿੰਨ ਆਰਡੀਨੈਂਸਾਂ, ਬਿਜਲੀ ਸੋਧ ਬਿੱਲ ਆਦਿ ਕਿਸਾਨ ਵਿਰੋਧੀ ਫੈਸਲਿਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ| ਆਗੂਆਂ ਜਥੇਬੰਦੀ ਵਲੋਂ 7 ਸਤੰਬਰ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਦੇ ਦਫਤਰ ਅੱਗੇ ਲਗਾਏ ਜਾਣ ਵਾਲੇ ਪੱਕੇ ਧਰਨਿਆਂ ਅਤੇ ਜੇਲ੍ਹ ਭਰੋ ਅੰਦੋਲਨ ਵਿੱਚ ਕਿਸਾਨਾਂ-ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਵੀ ਅਪੀਲ ਕੀਤੀ|
ਸੀਪੀਐੱਮ ਵਲੋਂ ਖੇਤੀ ਆਰਡੀਨੈਂਸਾਂ ਦਾ ਵਿਰੋਧ
ਮੁਕੇਰੀਆਂ (ਪੱਤਰ ਪ੍ਰੇਰਕ):ਸੀਪੀਐੱਮ ਦੀ ਕੇਂਦਰੀ ਕਮੇਟੀ ਦੇ ਸੱਦੇ ਤੇ ਗੜਦੀਵਾਲਾ ਦੇ ਪਿੰਡ ਬਾਹਲੇ ’ਚ ਕਾਮਰੇਡ ਚਰਨ ਸਿੰਘ ਦੀ ਪ੍ਰਧਾਨਗੀ ਵਿੱਚ ਮੀਟਿੰਗ ਕਰਕੇ ਕਿਸਾਨੀ ਨਾਲ ਸਬੰਧਤ ਤਿੰਨ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪਾਰਟੀ ਦੀ ਸੂਬਾ ਕਮੇਟੀ ਦੇ ਮੈਂਬਰ ਕਾਮਰੇਡ ਗੁਰਮੇਸ਼ ਸਿੰਘ ਨੇ ਕਿਹਾ ਕਿ ਖੇਤੀ ਆਰਡੀਨੈਂਸ ਕਿਸਾਨੀ ਲਈ ਘਾਤਕ ਸਿੱਧ ਹੋਣਗੇ ਅਤੇ ਕਾਰਪੋਰੇਟ ਘਰਾਣੇ ਦੇਸ਼ ਦੀ ਖੇਤੀ ‘ਤੇ ਕਾਬਜ਼ ਹੋ ਜਾਣਗੇ। ਇਸ ਮੌਕੇ ਤਹਿਸੀਲ ਸਕੱਤਰ ਸਾਥੀ ਚਰਨਜੀਤ ਚਠਿਆਲ ਅਤੇ ਰਣਜੀਤ ਸਿੰਘ ਚੌਹਾਨ ਤੇ ਚਰਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।