ਸੁਖਦੇਵ ਸੁੱਖ
ਅਜਨਾਲਾ, 8 ਅਗਸਤ
ਸ਼ਹਿਰ ’ਚ ਸਥਿਤ ਕਾਨਵੈਂਟ ਸਕੂਲ ਵਿੱਚ ਪੜ੍ਹਦੇ ਛੋਟੇ ਬੱਚਿਆਂ ਨੂੰ ਹੈਂਡ, ਫੁੱਟ, ਮਾਊਥ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਪ੍ਰਬੰਧਕਾਂ ਨੇ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸਕੂਲ ਆਉਣ ’ਤੇ ਰੋਕ ਲਗਾ ਦਿੱਤੀ ਹੈ। ਬੱਚਿਆਂ ਨੂੰ ਹੁਣ ਘਰ ਵਿੱਚ ਹੀ ਆਨਲਾਈਨ ਪੜ੍ਹਾਈ ਕਰਵਾਈ ਜਾਵੇਗੀ। ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਅਜਨਾਲਾ ਗੁਰਸ਼ਰਨ ਸਿੰਘ ਨੇ ਬੱਚਿਆਂ ’ਚ ਹੈਂਡ ਫੁੱਟ ਮਾਊਥ ਬਿਮਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਵਾਇਰਲ ਹੈ ਜਿਸ ਕਾਰਨ ਬਿਮਾਰ ਹੋਏੇ ਬੱਚਿਆਂ ਨੂੰ ਘਰਾਂ ਵਿੱਚ ਇਕਾਂਤਵਾਸ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕਿਸਮ ਦੀ ਬਿਮਾਰੀ ਦਾ ਕੋਈ ਖਾਸ ਇਲਾਜ ਨਹੀਂ ਹੈ ਪਰ ਜੇ ਇਸੇ ਦੌਰਾਨ ਕਿਸੇ ਨੂੰ ਬੁਖਾਰ ਹੋ ਜਾਂਦਾ ਹੈ ਤਾਂ ਦਵਾਈ ਦਿੱਤੀ ਜਾ ਸਕਦੀ ਹੈ ਅਤੇ ਘੱਟੋ-ਘੱਟ 15 ਦਿਨ ਬੱਚਿਆਂ ਦਾ ਧਿਆਨ ਰੱਖਣਾ ਪਵੇਗਾ। ਉਨ੍ਹਾਂ ਕਿਹਾ ਕਿ ਸਕੂਲ ’ਚ ਸੀਨੀਅਰ ਜਮਾਤਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵੀ ਛੁੱਟੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਚਮੜੀ ਦਾ ਇਹ ਵਾਇਰਸ ਬਹੁਤ ਜਲਦ ਫੈਲਦਾ ਹੈ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਛੋਟੇ ਬੱਚਿਆਂ ਦੀਆਂ ਨਰਸਰੀ ਤੋਂ ਪਹਿਲੀ ਤੱਕ ਜਮਾਤਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਘਰ ਬੈਠੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾਵੇਗੀ।